The Khalas Tv Blog India ਪਤਨੀ ਨੇ ਪਾਰਟੀ ਬਦਲੀ ਤਾਂ ਮੀਡੀਆ ਸਾਹਮਣੇ ਰੋ ਪਿਆ BJP ਲੀਡਰ, ਤਲਾਕ ਤਕ ਪਹੁੰਚੀ ਗੱਲ
India

ਪਤਨੀ ਨੇ ਪਾਰਟੀ ਬਦਲੀ ਤਾਂ ਮੀਡੀਆ ਸਾਹਮਣੇ ਰੋ ਪਿਆ BJP ਲੀਡਰ, ਤਲਾਕ ਤਕ ਪਹੁੰਚੀ ਗੱਲ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਪੱਛਮੀ ਬੰਗਾਲ ਦੀ ਸਿਆਸਤ ਵਿੱਚ ਹਰ ਰੋਜ਼ ਇਕ ਨਵਾਂ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਸ਼ਨੀਵਾਰ ਨੂੰ ਵੱਡੀ ਗਿਣਤੀ ਵਿੱਚ ਤ੍ਰਿਣਮੂਲ ਕਾਂਗਰਸ ਦੇ ਲੀਡਰ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੋਮਵਾਰ ਨੂੰ ਬੀਜੇਪੀ ਸੰਸਦ ਮੈਂਬਰ ਸੌਮਿੱਤਰ ਖਾਨ ਦੀ ਪਤਨੀ ਸੁਜਾਤਾ ਮੰਡਲ ਖਾਨ ਨੇ ਤ੍ਰਿਣਮੂਲ ਦਾ ਪੱਲਾ ਫੜ ਲਿਆ। ਸੁਜਾਤਾ ਮੰਡਲ ਨੇ ਕਿਹਾ ਕਿ ਉਹ ਖੁੱਲ੍ਹ ਕੇ ਸਾਹ ਲੈਣਾ ਚਾਹੁੰਦੀ ਹੈ ਅਤੇ ਯੋਗ ਪਾਰਟੀ ਦੀ ਇੱਕ ਯੋਗ ਆਗੂ ਬਣਨਾ ਚਾਹੁੰਦੀ ਹੈ। ਹਾਲਾਂਕਿ, ਉਨ੍ਹਾਂ ਦੇ ਪਤੀ ਨੂੰ ਇਹ ਕਦਮ ਪਸੰਦ ਨਹੀਂ ਆਇਆ।

ਸੌਮਿਤਰਾ ਖਾਨ ਬੀਜੇਪੀ ਦੇ ਯੁਵਾ ਮੋਰਚੇ ਦੇ ਪ੍ਰਧਾਨ ਹਨ। ਆਪਣੀ ਪਤਨੀ ਦੇ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਇੱਕ ਪ੍ਰੈਸ ਕਾਨਫਰੰਸ ਵਿੱਚ ਲਗਭਗ ਰੋ ਪਏ। ਸੁਜਾਤਾ ਮੰਡਲ ਨੇ ਕਿਹਾ ਸੀ ਕਿ ਉਨ੍ਹਾਂ ਦਾ ਪਰਿਵਾਰ ਅਤੇ ਸਿਆਸਤ ਦੋਵੇਂ ਵੱਖਰੀਆਂ ਚੀਜ਼ਾਂ ਹਨ। ਆਪਣੇ ਪਤੀ ਦੇ ਪਾਰਟੀ ਬਦਲਣ ਦੇ ਸਵਾਲ ਉੱਤੇ, ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੇ ਪਤੀ ‘ਤੇ ਨਿਰਭਰ ਕਰਦਾ ਹੈ ਕਿ ਉਹ ਕੀ ਕਰਨਗੇ।

ਉੱਧਰ ਸੌਮਿੱਤਰ ਖਾਨ ਨੇ ਸਿੱਧੇ ਤੌਰ ‘ਤੇ ਰਿਸ਼ਤੇ ਨੂੰ ਖਤਮ ਕਰਨ ਦੀ ਗੱਲ ਕਹਿ ਦਿੱਤੀ ਹੈ। ਉਨ੍ਹਾਂ ਮੀਡੀਆ ਦੇ ਸਾਹਮਣੇ ਕਿਹਾ ਕਿ ‘ਸਿਆਸਤ’ ਦੀ ਵਜ੍ਹਾ ਕਰਕੇ ਉਨ੍ਹਾਂ ਦਾ 10 ਸਾਲਾਂ ਦਾ ਰਿਸ਼ਤਾ ਖ਼ਤਮ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਤਲਾਕ ਲਈ ਕਾਗਜ਼ ਦਾਖਲ ਕਰਨਗੇ। ਖਾਨ ਨੇ ਇਹ ਵੀ ਕਿਹਾ ਕਿ ਹੁਣ ਉਹ ਬੀਜੇਪੀ ਲਈ ਹੋਰ ਸਖਤ ਮਿਹਨਤ ਕਰਨਗੇ।

Exit mobile version