India

ਕੰਗਨਾ ’ਤੇ ਭੜਕੇ ਬਿੱਟੂ! ਫ਼ਿਲਮ ‘ਐਮਰਜੈਂਸੀ’ ’ਚ ਪੰਜਾਬ ਬਾਰੇ ਗਲਤ ਨਹੀਂ ਵਿਖਾਉਣ ਦੇਵਾਂਗੇ!’ ਕਿਸਾਨਾਂ ਬਾਰੇ ਹੁਣ ਕੁਝ ਬੋਲੀ ਤਾਂ ਫਿਰ …

ਬਿਉਰੋ ਰਿਪੋਰਟ – ਕੰਗਨਾ (Kangna Ranaut) ਦੀ ਫਿਲਮ ‘ਐਮਰਜੈਂਸੀ’ (Film Emergency) ਨੂੰ ਲੈ ਕੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ (Ravneet Singh Bittu) ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਉਸ ਨੂੰ ਵੇਖਿਆ ਜਾਵੇਗਾ। ਇੱਕ ਪ੍ਰਾਈਵੇਟ ਟੀਵੀ ਚੈੱਨਲ ਨਾਲ ਗੱਲ ਕਰਦੇ ਹੋਏ ਬਿੱਟੂ ਨੇ ਕਿਹਾ ਕਿਸੇ ਦੀ ਹਿੰਮਤ ਨਹੀਂ ਹੋਣੀ ਚਾਹੀਦੀ ਪੰਜਾਬ ਦੇ ਬਾਰੇ ਕੁਝ ਵੀ ਗਲਤ ਵਿਖਾਉਣ ਦੀ।

ਬਿੱਟੂ ਨੇ ਕਿਹਾ ਕਿ ਮੈਂ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਫਿਲਮ ਵਿੱਚ ਜੇਕਰ ਕੁਝ ਗ਼ਲਤ ਹੋਵੇਗਾ ਉਹ ਨਹੀਂ ਵਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਮ ਇੰਦਰਾ ਗਾਂਧੀ ਵੱਲੋਂ ਲਗਾਈ ਗਈ ਐਮਰਜੈਂਸੀ ’ਤੇ ਬਣੀ ਹੈ ਅਜਿਹੇ ਵਿੱਚ ਉਸ ਵਿੱਚ ਪੰਜਾਬ ਨੂੰ ਵਿਖਾਉਣ ਦਾ ਕੋਈ ਮਤਲਬ ਵੀ ਨਹੀਂ ਬਣਦਾ ਹੈ। ਬਿੱਟੂ ਨੇ ਕੰਗਨਾ ਦੇ ਕਿਸਾਨ ਅੰਦੋਲਨ ਦੌਰਾਨ ਦਿੱਤੇ ਵਿਵਾਦਿਤ ਬਿਆਨ ’ਤੇ ਵੀ ਘੇਰਿਆ।

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਮੈਂ ਆਪ ਕਿਸਾਨੀ ਅੰਦੋਲਨ ਨਾਲ ਜੁੜਿਆ ਰਿਹਾ ਮੈਂ ਉੱਥੇ ਅਜਿਹਾ ਕੁਝ ਨਹੀਂ ਵੇਖਿਆ ਜੋ ਕੰਗਨਾ ਨੇ ਬਿਆਨ ਕੀਤਾ ਹੈ। ਇਸੇ ਲਈ ਬੀਜੇਪੀ ਹਾਈਕਮਾਨ ਨੇ ਕੰਗਨਾ ਨੂੰ ਸਾਫ ਸੁਨੇਹਾ ਦਿੱਤਾ ਹੈ ਕਿ ਜੇਕਰ ਚਿਤਾਵਨੀ ਦੇ ਬਾਅਦ ਵੀ ਹੁਣ ਬੋਲਣਗੇ ਤਾਂ ਕਾਰਵਾਈ ਹੋਵੇਗੀ। ਬਿੱਟੂ ਨੇ ਕੰਗਨਾ ਨੂੰ ਨਸੀਹਤ ਦਿੱਤੀ ਕਿ ਉਹ ਆਪਣੇ ਹਲਕੇ ਦੇ ਮੁੱਦੇ ਚੁੱਕਣ। ਬੀਤੇ ਦਿਨ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਵੀ ਕੰਗਨਾ ਨੂੰ ਤਲਬ ਵੀ ਕੀਤਾ ਸੀ।

ਇਸ ਤੋਂ ਪਹਿਲਾਂ SGPC ਨੇ ਕੰਗਨਾ ਨੂੰ ਫਿਲਮ ਨੂੰ ਲੈ ਕੇ ਲੀਗਲ ਨੋਟਿਸ ਭੇਜਿਆ ਸੀ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਨਾਲ ਸੈਂਸਰ ਬੋਰਡ ਨੂੰ ਵੀ ਚਿੱਠੀ ਲਿਖੀ ਸੀ ਕਿ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਉਨ੍ਹਾਂ ਨੂੰ ਸਕ੍ਰਿਪ ਵਿਖਾਈ ਜਾਵੇ। ਫਰੀਦਕੋਟ ਤੋਂ ਐੱਮਪੀ ਸਰਬਜੀਤ ਸਿੰਘ ਨੇ ਸਭ ਤੋਂ ਪਹਿਲਾ ਕੇਂਦਰ ਸਰਕਾਰ ਨੂੰ ਫਿਲਮ ਐਮਰਜੈਂਸੀ ਨੂੰ ਲੈ ਕੇ ਚਿੱਠੀ ਲਿਖੀ ਸੀ। ਇਸ ਤੋਂ ਬਾਅਦ ਬਠਿੰਡਾ ਅਤੇ ਪੰਜਾਬ ਦੇ ਹੋਰ ਇਲਾਕਿਆਂ ਵਿੱਚ ਵੀ ਸਿੱਖ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਅਸੀਂ ਪੰਜਾਬ ਵਿੱਚ ਫਿਲਮ ਰਿਲੀਜ਼ ਨਹੀਂ ਹੋਣ ਦੇਵਾਂਗੇ।