ਬਿਊਰੋ ਰਿਪੋਰਟ (ਚੰਡੀਗੜ੍ਹ, 22 ਨਵੰਬਰ 2025): ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਨੇ ਆਮ ਆਦਮੀ ਪਾਰਟੀ (‘ਆਪ’) ਵੱਲੋਂ ਮਹਿਲਾਵਾਂ ਨੂੰ ਨਾ ਦਿੱਤੇ ਗਏ ₹45,000 ਦੇ ਬਕਾਇਆ ਰਾਸ਼ੀ ਦੇ ਵਾਅਦੇ ਨੂੰ ਲੈ ਕੇ ਅੱਜ ਚੰਡੀਗੜ੍ਹ ਵਿੱਚ ਅਰਵਿੰਦ ਕੇਜਰੀਵਾਲ ਦੇ ‘ਸੀਸ ਮਹਿਲ’ ਦਾ ਘਿਰਾਓ ਕੀਤਾ। ਇਸ ਮੌਕੇ ਮਹਿਲਾ ਮੋਰਚਾ ਦੀ ਅਗਵਾਈ ਸ੍ਰੀਮਤੀ ਜੈ ਇੰਦਰ ਕੌਰ ਨੇ ਕੀਤੀ, ਜਿਨ੍ਹਾਂ ਹਜ਼ਾਰਾਂ ਔਰਤਾਂ ਦੇ ਨਾਲ ਮਿਲ ਕੇ ਸਰਕਾਰ ਨੂੰ ਸਖ਼ਤ ਤੌਰ ’ਤੇ ਵਾਅਦਿਆਂ ਦੀ ਪਾਲਨਾ ਨਾ ਕਰਨ ਲਈ ਉੱਤਰਦਾਈ ਬਣਨ ਦੀ ਮੰਗ ਕੀਤੀ। ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ।
22 ਨਵੰਬਰ 2021 ਨੂੰ ਮੋਗਾ ਦੀ ਇੱਕ ਰੈਲੀ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਬੜੇ ਗਰਵ ਨਾਲ ਪੰਜਾਬ ਦੀ ਹਰ ਔਰਤ ਨੂੰ ਮਹੀਨੇ ਦੇ ₹1,000 ਦੇਣ ਦੀ ਤੀਜੀ ਗਰੰਟੀ ਦਾ ਐਲਾਨ ਕੀਤਾ ਸੀ। ਪਰ ਅੱਜ 45 ਮਹੀਨੇ ਬਾਅਦ ਵੀ, ਜਿਨ੍ਹਾਂ ਔਰਤਾਂ ਨੇ ਉਨ੍ਹਾਂ ਦੇ ਵਾਅਦਿਆਂ ’ਤੇ ਭਰੋਸਾ ਕੀਤਾ, ਉਨ੍ਹਾਂ ਨੂੰ ਇਕ ਵੀ ਰੁਪਿਆ ਨਹੀਂ ਮਿਲਿਆ। ਇਸ ਤਰ੍ਹਾਂ ਹਰ ਔਰਤ ਦਾ ₹45,000 ਬਕਾਇਆ ਹੈ, ਜੋ ਕਿ ‘ਆਪ’ ਦੀ ਸਿਆਸੀ ਰਣਨੀਤੀ ਅਤੇ ਝੂਠੇ ਵਾਅਦਿਆਂ ਦੀ ਸਪੱਸ਼ਟ ਨਕਲ ਪੇਸ਼ ਕਰਦਾ ਹੈ।
ਸ੍ਰੀਮਤੀ ਜੈ ਇੰਦਰ ਕੌਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਉਹਨਾਂ ਮਹਿਲਾਵਾਂ ਨੂੰ ਧੋਖਾ ਦਿੱਤਾ ਹੈ, ਜਿਨ੍ਹਾਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਦੇ ਕੇ ਉਨ੍ਹਾਂ ਨੂੰ ਜਿੱਤਵਾਇਆ। ਉਨ੍ਹਾਂ ਨੇ ਖਾਸ ਕਰਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹਨਾਂ ਨੇ ਪੰਜਾਬ ਦੀਆਂ ਔਰਤਾਂ ਦਾ ਭਰੋਸਾ ਤੋੜਿਆ ਹੈ, ਅਤੇ ਉਨ੍ਹਾਂ ਦੀਆਂ ਦੱਸੀ ਗਈਆਂ ‘ਗਰੰਟੀਆਂ’ ਸਿਰਫ਼ ਸਿਆਸੀ ਧੋਖਾਧੜੀ ਬਣ ਕੇ ਰਹਿ ਗਈਆਂ ਹਨ।
ਉਨ੍ਹਾਂ ਨੇ ਕਿਹਾ ਕਿ ‘ਆਪ’ ਸਰਕਾਰ ਹੇਠ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ, ਜਿਸ ਕਾਰਨ ਪੰਜਾਬ ਵਿੱਚ ਕੋਈ ਵੀ ਔਰਤ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀ। ਸੂਬੇ ਭਰ ਵਿੱਚ ਰੋਜ਼ਾਨਾ ਹੋ ਰਹੀਆਂ ਖੋਹਾਂ, ਹਮਲਿਆਂ ਅਤੇ ਹੋਰ ਅਪਰਾਧਕ ਘਟਨਾਵਾਂ ਪੰਜਾਬ ਦੀ ਖ਼ਰਾਬ ਹੋ ਰਹੀ ਸੁਰੱਖਿਆ ਸਥਿਤੀ ਦੀ ਗੰਭੀਰ ਹਕੀਕਤ ਦਰਸਾਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਬਹੁਤ ਸੂਝਵਾਨ ਹਨ ਅਤੇ ਉਹ ਇਸ ਸਰਕਾਰ ਦੀਆਂ ਭੈੜੀਆਂ ਕਰਤੂਤਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
ਇਸ ਮੌਕੇ ਸ੍ਰੀਮਤੀ ਜੈ ਇੰਦਰ ਕੌਰ ਜੀ ਦੇ ਨਾਲ ਸੀਨੀਅਰ ਭਾਜਪਾ ਮਹਿਲਾ ਮੋਰਚਾ ਨੇਤਾਵਾਂ ਜਿਵੇਂ ਕਿ ਪਰਮਪਾਲ ਕੌਰ, ਮੀਨੂ ਸੇਠੀ, ਰੇਨੂ ਕਸ਼ਯਪ, ਰੇਨੂ ਥਾਪਰ, ਸੀਮਾ ਕੁਮਾਰੀ, ਸਰਬਜੀਤ ਬਾਠ ਅਤੇ ਏਕਤਾ ਨਾਗਪਾਲ ਵੀ ਮੌਜੂਦ ਸਨ। ਇਨ੍ਹਾਂ ਦੇ ਨਾਲ ਸਮੁੱਚੀ ਪੰਜਾਬ ਰਾਜ ਅਤੇ ਜ਼ਿਲ੍ਹਾ ਭਾਜਪਾ ਮਹਿਲਾ ਮੋਰਚਾ ਦੀਆਂ ਟੀਮਾਂ ਵੀ ਸ਼ਾਮਿਲ ਸਨ। ਪ੍ਰਦਰਸ਼ਨ ਦੌਰਾਨ ਚੰਡੀਗੜ੍ਹ ਪੁਲਿਸ ਵੱਲੋਂ ਸਾਰਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ।
ਸ੍ਰੀਮਤੀ ਜੈ ਇੰਦਰ ਕੌਰ ਨੇ ਕਿਹਾ ਕਿ ‘ਆਪ’ ਸਰਕਾਰ ਦਾ ਸਮਾਂ ਪੁੱਗ ਚੁੱਕਾ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਔਰਤਾਂ ਉਨ੍ਹਾਂ ਨੂੰ ਸਖ਼ਤ ਜਵਾਬ ਦੇਣਗੀਆਂ ਜਿਨ੍ਹਾਂ ਨੇ ਉਨ੍ਹਾਂ ਦਾ ਭਰੋਸਾ ਤੋੜਿਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਜਿਵੇਂ ਕੇਜਰੀਵਾਲ ਨੂੰ ਦਿੱਲੀ ਵਿੱਚ ਲੋਕ ਨਕਾਰ ਰਹੇ ਹਨ, ਬਹੁਤ ਜਲਦ ਇਸ ਸਰਕਾਰ ਨੂੰ ਵੀ ਪੰਜਾਬ ਵਿੱਚੋਂ ਕੱਢਿਆ ਜਾਵੇਗਾ। ਅੱਜ ਪੰਜਾਬ ਲਈ ਸਿਰਫ਼ ਭਾਰਤੀ ਜਨਤਾ ਪਾਰਟੀ ਹੀ ਇੱਕੋ-ਇੱਕ ਆਸ ਹੈ।”
ਜੈ ਇੰਦਰ ਕੌਰ ਨੇ ਆਗੇ ਕਿਹਾ ਕਿ ‘ਆਪ’ ਹਰ ਬਜਟ ਸੈਸ਼ਨ ਵਿੱਚ ਇੱਕੋ ਗੱਲ ਦੁਹਰਾਉਂਦੀ ਹੈ ਕਿ “ਔਰਤਾਂ ਨੂੰ ₹1,000 ਜਲਦੀ ਹੀ ਮਿਲ ਜਾਣਗੇ।” ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਇਹ ਵਾਅਦਾ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹਿਆ ਹੈ। ਉਨ੍ਹਾਂ ਨੇ ਦ੍ਰਿੜ ਇਰਾਦਾ ਜਤਾਇਆ ਕਿ ਭਾਜਪਾ ਮਹਿਲਾ ਮੋਰਚਾ ਇਸ ਲੜਾਈ ਨੂੰ ਅਖੀਰ ਤੱਕ ਜਾਰੀ ਰੱਖੇਗੀ ਤਾਂ ਜੋ ਪੰਜਾਬ ਦੀਆਂ ਔਰਤਾਂ ਨੂੰ ਸਿਰਫ਼ ਖੋਖਲੇ ਵਾਅਦੇ ਨਾ ਮਿਲਣ, ਸਗੋਂ ਉਹਨਾਂ ਦਾ ਬਣਦਾ ਹੱਕ ਵੀ ਪ੍ਰਾਪਤ ਹੋਵੇ।
ਅੱਜ ਦੇ ਇਸ ਵੱਡੇ ਪ੍ਰਦਰਸ਼ਨ ਤੋਂ ‘ਆਪ’ ਦੇ ਧੋਖੇ ਵਾਲੇ ਰਾਜ ਪ੍ਰਤੀ ਪੰਜਾਬ ਦੇ ਲੋਕਾਂ ਵਿੱਚ ਵਧ ਰਹੇ ਗੁੱਸੇ ਅਤੇ ਨਿਰਾਸ਼ਾ ਦੀ ਸਾਫ਼ ਝਲਕ ਮਿਲਦੀ ਹੈ। ਭਾਜਪਾ ਮਹਿਲਾ ਮੋਰਚਾ ਨੇ ਇਹ ਸੰਕਲਪ ਲਿਆ ਹੈ ਕਿ ਉਹ ਇਸ ਅੰਦੋਲਨ ਨੂੰ ਹੋਰ ਤੇਜ਼ ਕਰੇਗਾ, ਜਦੋਂ ਤੱਕ ਸਰਕਾਰ ਨੂੰ ਪੰਜਾਬ ਦੀਆਂ ਔਰਤਾਂ ਨਾਲ ਕੀਤੇ ਧੋਖੇ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਂਦਾ।

