ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਵਿੱਚ ਇੱਕ ਕਾਰ ਹਾਦਸੇ ਵਿੱਚ ਭਾਜਪਾ ਆਗੂ ਦੀ ਮੌਤ ਹੋ ਗਈ। ਸੋਮਵਾਰ ਰਾਤ ਨੂਰਪੁਰ ਤੋਂ ਮੁਰਾਦਾਬਾਦ ਘਰ ਪਰਤ ਰਹੀ ਮਹਿਲਾ ਭਾਜਪਾ ਨੇਤਾ ਸਰਿਤਾ ਚੰਦਰ ਦੀ ਕਾਰ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਹੁੰਦੇ ਹੀ ਕਾਰ ਨੂੰ ਅੱਗ ਲੱਗ ਗਈ। ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ। ਮੌਕੇ ‘ਤੇ ਪਹੁੰਚੀ ਪੁਲਸ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਜ਼ਖ਼ਮੀ ਭਾਜਪਾ ਨੇਤਾ ਨੂੰ ਜ਼ਿਲ੍ਹਾ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲੀਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਹਾਦਸਾ ਨੋਗਾਵਾ ਸਾਦਤ ਥਾਣਾ ਖੇਤਰ ਦੀ ਕੁਮਖੀਆ ਚੌਕੀ ਦੇ ਸਾਹਮਣੇ ਸੋਮਵਾਰ ਰਾਤ ਨੂੰ ਵਾਪਰਿਆ। ਰਾਮ ਰਤਨ ਸਿੰਘ ਦਾ ਪਰਿਵਾਰ ਮੁਰਾਦਾਬਾਦ ਦੀ ਕਾਸ਼ੀਰਾਮ ਕਲੋਨੀ ਵਿੱਚ ਰਹਿੰਦਾ ਹੈ। ਉਨ੍ਹਾਂ ਦੀ ਪਤਨੀ ਸਰਿਤਾ ਚੰਦਰ ਨਗਰ ਮੰਡਲ ਦੀ ਭਾਜਪਾ ਉਪ ਪ੍ਰਧਾਨ ਸੀ। ਪੁਲਸ ਨੇ ਦੱਸਿਆ ਕਿ ਸਰਿਤਾ ਰਾਤ ਕਰੀਬ 1 ਵਜੇ ਕਾਰ ਰਾਹੀਂ ਆਪਣੇ ਘਰ ਨੂਰਪੁਰ ਤੋਂ ਮੁਰਾਦਾਬਾਦ ਜਾ ਰਹੀ ਸੀ।
ਕਾਰ ‘ਚ ਸਰਿਤਾ ਇਕੱਲੀ ਸੀ ਅਤੇ ਖੁਦ ਚਲਾ ਰਹੀ ਸੀ। ਜਿਵੇਂ ਹੀ ਉਨ੍ਹਾਂ ਦੀ ਕਾਰ ਨੂਰਪੁਰ-ਮੁਰਾਦਾਬਾਦ ਰੋਡ ‘ਤੇ ਕੁਮਖੀਆ ਚੌਕੀ ਦੇ ਸਾਹਮਣੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਇਕ ਬੇਕਾਬੂ ਅਣਪਛਾਤੇ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ‘ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਅੱਗ ਲੱਗ ਗਈ। ਅੱਗ ਦੀ ਲਪੇਟ ‘ਚ ਆਉਣ ਨਾਲ ਸਰਿਤਾ ਬੁਰੀ ਤਰ੍ਹਾਂ ਨਾਲ ਝੁਲਸ ਗਈ।
ਹਾਦਸੇ ਦੀ ਸੂਚਨਾ ਮਿਲਦੇ ਹੀ ਨੌਗਾਵਾਂ ਸਾਦਤ ਪੁਲਿਸ ਮੌਕੇ ‘ਤੇ ਪਹੁੰਚ ਗਈ। ਕਾਫ਼ੀ ਮਿਹਨਤ ਤੋਂ ਬਾਅਦ ਸਰਿਤਾ ਨੂੰ ਕਾਰ ‘ਚੋਂ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਉਸ ਨੂੰ ਜ਼ਿਲ੍ਹਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫ਼ਿਲਹਾਲ ਪੁਲਿਸ ਨੇ ਇਸ ਪੂਰੇ ਮਾਮਲੇ ‘ਚ ਅਣਪਛਾਤੇ ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।