ਗੁਰਦਾਸਪੁਰ ਵਿੱਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ ਤੇ ਆਮ ਆਦਮੀ ਪਾਰਟੀ ਨੂੰ ਹੋਰ ਬਲ ਮਿਲਿਆ ਹੈ। ਇੱਥੇ ਭਾਜਪਾ ਦੇ ਸੀਨੀਅਰ ਆਗੂ ਸਵਰਨ ਸਲਾਰੀਆ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਆਪ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਆਪਣੇ ਐਕਸ ਹੈਂਡਲ ’ਤੇ ਪੋਸਟ ਕਰਕੇ ਸਲਾਰੀਆ ਦਾ ਸਵਾਗਤ ਕੀਤਾ ਹੈ।
#Punjab – ਗੁਰਦਾਸਪੁਰ ਹਲਕੇ ‘ਚ ਤਕੜਾ ਹੋਇਆ AAP ਦਾ ਪਰਿਵਾਰ
ਗੁਰਦਾਸਪੁਰ ਹਲਕੇ ਦੇ ਉੱਘੇ ਸਮਾਜਸੇਵੀ ਸਵਰਨ ਸਲਾਰੀਆ ਜੀ ਨੇ CM @BhagwantMann ਜੀ ਦੀ ਅਗਵਾਈ ‘ਚ ਫੜਿਆ AAP ਦਾ ਪੱਲਾ
ਪਾਰਟੀ ਵੱਲੋਂ ਸਲਾਰੀਆ ਜੀ ਨੂੰ ‘ਜੀ ਆਇਆ ਨੂੰ’.. pic.twitter.com/K0aEVSmt1U
— AAP Punjab (@AAPPunjab) May 13, 2024
ਸਲਾਰੀਆ ਦੀ ਨਾਰਾਜ਼ਗੀ ਭਾਜਪਾ ਨੂੰ ਮਹਿੰਗੀ ਪੈ ਸਕਦੀ ਹੈ ਕਿਉਂਕਿ ਉਹ ਲੰਬੇ ਸਮੇਂ ਤੋਂ ਇਲਾਕੇ ਵਿੱਚ ਸਰਗਰਮੀ ਨਾਲ ਸਮਾਜਸੇਵਾ ਦਾ ਕੰਮ ਕਰ ਰਹੇ ਸਨ। ਉਹ ਭਾਜਪਾ ਦੀ ਸੂਬਾ ਕਾਰਜਕਾਰਨੀ ਕਮੇਟੀ ਦੇ ਮੈਂਬਰ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਵੀ ਲੜ ਚੁੱਕੇ ਹਨ। ਇਸ ਦੇ ਨਾਲ ਹੀ ਉਹ ਆਜ਼ਾਦੀ ਘੁਲਾਟੀਏ ਨਿਧਾਨ ਸਿੰਘ ਸਲਾਰੀਆ ਦੇ ਪੁੱਤਰ ਹਨ। ਹਾਲਾਂਕਿ ਇਸ ਵਾਰ ਉਹ ਕਾਫੀ ਦੇਰ ਤੱਕ ਚੁੱਪ ਰਹੇ।
ਸਵਰਨ ਸਲਾਰੀਆ ਨੂੰ ਇਸ ਵਾਰ ਭਾਜਪਾ ਨੇ ਟਿਕਟ ਨਹੀਂ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਆਜ਼ਾਦ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ 13 ਅਪ੍ਰੈਲ ਤੱਕ ਉਹ ਸਪੱਸ਼ਟ ਕਰ ਦੇਣਗੇ ਕਿ ਉਨ੍ਹਾਂ ਦਾ ਸਿਆਸੀ ਕਰੀਅਰ ਕੀ ਹੋਵੇਗਾ। ਹਾਲਾਂਕਿ ਇਸ ਤੋਂ ਬਾਅਦ ਉਹ ਸ਼ਾਂਤ ਰਹੇ। ਇਸੇ ਦੌਰਾਨ ਚਰਚਾ ਇਹ ਵੀ ਸੀ ਕਿ ਉਹ ਕਾਂਗਰਸ ਵਿੱਚ ਸ਼ਾਮਲ ਹੋਣਗੇ।
ਸਲਾਰੀਆ ਨੇ 2017 ‘ਚ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਲੋਕ ਸਭਾ ਚੋਣ ਲੜੀ ਸੀ। ਪਰ ਕਿਸਮਤ ਨੇ ਇਸ ਚੋਣ ਵਿਚ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਉਸ ਸਮੇਂ ਸੁਨੀਲ ਜਾਖੜ ਨੇ ਉਨ੍ਹਾਂ ਨੂੰ ਕਰਾਰੀ ਹਾਰ ਦਿੱਤੀ ਸੀ। ਸੁਨੀਲ ਜਾਖੜ ਉਸ ਸਮੇਂ ਕਾਂਗਰਸੀ ਆਗੂ ਸਨ। ਇਸ ਦੇ ਨਾਲ ਹੀ ਸਲਾਰੀਆ ਇਸ ਵਾਰ ਟਿਕਟ ਨਾ ਮਿਲਣ ‘ਤੇ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਇਲਾਕੇ ਵਿੱਚ ਸਰਗਰਮ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਸੀ ਕਿ ਉਹ 2.50 ਲੱਖ ਵੋਟਾਂ ਦੇ ਫਰਕ ਨਾਲ ਜਿੱਤਣਗੇ।