Punjab

BJP ਆਗੂ ਸ਼ੀਤਲ ਅੰਗੁਰਾਲ ਦੇ ਭਤੀਜੇ ਵਿਕਾਸ ਅੰਗੁਰਾਲ ਦਾ ਕਤਲ

ਜਲੰਧਰ ਦੇ ਸ਼ਿਵਾਜੀ ਨਗਰ ਇਲਾਕੇ ਵਿੱਚ ਸ਼ੁੱਕਰਵਾਰ ਰਾਤ ਕਰੀਬ 10 ਵਜੇ ਇੱਕ ਸਨਸਨੀਖੇਜ਼ ਵਾਰਦਾਤ ਵਾਪਰੀ। ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਕੌਂਸਲਰ ਸ਼ੀਤਲ ਅੰਗੁਰਾਲ ਦੇ ਭਤੀਜੇ ਵਿਕਾਸ ਅੰਗੁਰਾਲ (17) ਦਾ ਇੱਕ ਨੌਜਵਾਨ ਨੇ ਤੇਜ਼ਧਾਰ ਚਾਕੂ ਨਾਲ ਕਤਲ ਕਰ ਦਿੱਤਾ। ਵਿਕਾਸ ਪਰਿਵਾਰ ਵਿੱਚ ਸਭ ਤੋਂ ਵੱਡਾ ਤੇ ਇਕਲੌਤਾ ਪੁੱਤਰ ਸੀ।

ਸ਼ੀਤਲ ਅੰਗੁਰਾਲ ਮੁਤਾਬਕ ਉਨ੍ਹਾਂ ਨੂੰ ਰਾਤ 10 ਵਜੇ ਦੇ ਕਰੀਬ ਫੋਨ ਆਇਆ ਕਿ ਵਿਕਾਸ ’ਤੇ ਕਿਸੇ ਨੇ ਹਮਲਾ ਕੀਤਾ ਹੈ। ਜਦੋਂ ਉਹ ਤੇ ਚਚੇਰਾ ਭਰਾ ਰਾਜਨ ਅੰਗੁਰਾਲ ਮੌਕੇ ’ਤੇ ਪਹੁੰਚੇ ਤਾਂ ਵਿਕਾਸ ਖੂਨ ਨਾਲ ਲੱਥਪੱਥ ਸੜਕ ’ਤੇ ਪਿਆ ਸੀ। ਉਸ ਨੂੰ ਤੁਰੰਤ ਕਪੂਰਥਲਾ ਚੌਕ ਸਥਿਤ ਜੋਸ਼ੀ ਹਸਪਤਾਲ ਲਿਜਾਇਆ ਗਿਆ ਪਰ ਜ਼ਿਆਦਾ ਖੂਨ ਵਹਿਣ ਕਾਰਨ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ।

ਹਮਲਾਵਰ ਦੀ ਪਛਾਣ ਕਾਲੂ ਵਜੋਂ ਹੋਈ ਹੈ, ਜਿਸ ਦੀ ਉਮਰ 20-22 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਸ਼ੀਤਲ ਅੰਗੁਰਾਲ ਨੇ ਦੋਸ਼ ਲਾਇਆ ਕਿ ਹਮਲਾਵਰ ਨਸ਼ੇ ਦੀ ਹਾਲਤ ਵਿੱਚ ਸਨ ਅਤੇ ਇਹ ਨਸ਼ਿਆਂ ਦੀ ਭੇਟ ਚੜ੍ਹਿਆ ਮਾਮਲਾ ਹੈ। ਉਨ੍ਹਾਂ ਪੰਜਾਬ ਪੁਲਿਸ ਤੋਂ ਸਖ਼ਤ ਕਾਰਵਾਈ ਤੇ ਨਸ਼ਾ ਵੇਚਣ ਵਾਲਿਆਂ ’ਤੇ ਨਕੇਲ ਕੱਸਣ ਦੀ ਮੰਗ ਕੀਤੀ।

ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਜ਼ਿਲ੍ਹੇ ਦੇ ਸੀਨੀਅਰ ਭਾਜਪਾ ਨੇਤਾ ਹਸਪਤਾਲ ਪਹੁੰਚ ਗਏ। ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਥਾਣਾ ਡਵੀਜ਼ਨ ਨੰਬਰ-5 ਦੇ ਐੱਸ.ਐੱਚ.ਓ. ਯਾਦਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਤੁਰੰਤ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਵਿਸ਼ੇਸ਼ ਪੁਲਿਸ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਮੁੱਢਲੀ ਜਾਂਚ ਵਿੱਚ ਨਿੱਜੀ ਰੰਜਿਸ਼ ਸਾਹਮਣੇ ਆ ਰਹੀ ਹੈ ਪਰ ਨਸ਼ੇ ਦੇ ਕੋਣ ਨੂੰ ਵੀ ਖਾਰਿਜ ਨਹੀਂ ਕੀਤਾ ਜਾ ਰਿਹਾ। ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪਰਿਵਾਰ ਵਿੱਚ ਮਾਤਮ ਛਾਇਆ ਹੋਇਆ ਹੈ।