ਬਿਊਰੋ ਰਿਪੋਰਟ : ਸ਼੍ਰੋਮਣੀ ਅਕਾਲੀ ਦਲ ਦੇ ਲਈ SGPC ਦੇ ਪ੍ਰਧਾਨ ਦੀ ਚੋਣ ਪਿਛਲੇ 20 ਸਾਲਾਂ ਵਿੱਚ ਇਸ ਵਾਰ ਸਭ ਤੋਂ ਜ਼ਿਆਦਾ ਮੁਸ਼ਕਿਲ ਹੋ ਗਈ ਹੈ। ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾਉਣ ਦੇ ਲਈ ਬੀਜੇਪੀ ਵੱਡਾ ਰੋਲ ਨਿਭਾ ਸਕਦੀ ਹੈ । ਇਸ ਵਿੱਚ 2 ਕਿਰਦਾਰ ਅਹਿਮ ਰੋਲ ਅਦਾ ਕਰ ਰਹੇ ਹਨ। ਜਿੰਨਾਂ ਵਿੱਚ ਇੱਕ ਹੈ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰ ਅਤੇ ਦੂਜੇ ਮਨਜਿੰਦਰ ਸਿੰਘ ਸਿਰਸਾ ਹਨ। ਇਸੇ ਸਾਲ ਸਿਰਸਾ ਨੇ DSGMC ਦੀਆਂ ਚੋਣਾਂ ਵਿੱਚ ਇਹ ਕਰਕੇ ਵੀ ਵਿਖਾਇਆ ਹੈ । ਉਹ ਪੂਰੀ ਸਿਆਸੀ ਬਾਜ਼ੀ ਸ਼੍ਰੋਮਣੀ ਅਕਾਲੀ ਦਲ ਦੇ ਹੱਥੋਂ ਖਿਚ ਕੇ ਲੈ ਗਏ ਸਨ । ਪਹਿਲਾ ਮਨਜਿੰਦਰ ਸਿੰਘ ਸਿਰਸਾ ਨੇ ਸ਼੍ਰੋਮਣੀ ਅਕਾਲੀ ਦਲ ਹੀ ਹਿਮਾਇਤ ਨਾਲ ਹਰਮੀਤ ਸਿੰਘ ਕਾਲਕਾ ਨੂੰ ਪ੍ਰਧਾਨ ਬਣਾਇਆ ਅਤੇ 15 ਦਿਨਾਂ ਬਾਅਦ ਹੀ ਪਾਰਟੀ ਤੋਂ ਬਾਗ਼ੀ ਕਰਵਾ ਕੇ ਕਾਲਕਾ ਦੀ ਅਗਵਾਈ ਵਿੱਚ ਨਵੀਂ ਪਾਰਟੀ ਬਣਾ ਦਿੱਤੀ ਅਤੇ ਅਸਿੱਧੇ ਤੌਰ ‘ਤੇ DSGMC ਨੂੰ ਬੀਜੇਪੀ ਅਧੀਨ ਲਿਆ ਦਿੱਤਾ। ਕਾਲਸਾ ਮਨਜਿੰਦਰ ਸਿੰਘ ਸਿਰਸਾ ਦੇ ਨਜ਼ਦੀਕੀ ਸਨ । ਪਰ ਸੁਖਬੀਰ ਬਾਦਲ ਸਿਰਸਾ ਦੀ ਇਸ ਰਣਨੀਤੀ ਦਾ ਅੰਦਾਜ਼ਾ ਨਹੀਂ ਲਾ ਸਕੇ।
ਇਸ ਵਾਰ ਵੀ ਮੰਨਿਆ ਜਾ ਰਿਹਾ ਹੈ ਮਨਜਿੰਦਰ ਸਿੰਘ ਸਿਰਸਾ ਲਗਾਤਾਰ ਬੀਬੀ ਜਗੀਰ ਕੌਰ ਦੇ ਸੰਪਰਕ ਵਿੱਚ ਹਨ ਅਤੇ SGPC ਦੇ ਮੈਂਬਰਾਂ ਨੂੰ ਉਨ੍ਹਾਂ ਦੇ ਹੱਕ ਵਿੱਚ ਵੋਟਿੰਗ ਕਰਨ ਲਈ ਤਿਆਰ ਕਰ ਰਹੇ ਹਨ। ਇਸ ਤੋਂ ਇਲਾਵਾ ਇਕਬਾਲ ਸਿੰਘ ਲਾਲਪੁਰਾ ਦੇ ਬੀਬੀ ਜਗੀਰ ਕੌਰ ਨਾਲ ਸ਼ੁਰੂ ਤੋਂ ਚੰਗੇ ਸਬੰਧ ਰਹੇ ਹਨ,ਜਦੋਂ ਲਾਲਪੁਰਾ IPS ਅਫਸਰ ਸਨ। ਇਕਬਾਲ ਸਿੰਘ ਲਾਪਪੁਰਾ ਵੀ ਲਗਾਤਰ SGPC ਦੇ ਮੈਂਬਰਾਂ ਦੇ ਸੰਪਰਕ ਵਿੱਚ ਹਨ। ਇਸੇ ਲਈ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ 2 ਦਿਨ ਪਹਿਲਾਂ ਲਾਲਪੁਰਾ ‘ਤੇ ਇਲਜ਼ਾਮ ਲਗਾਉਂਦੇ ਹੋਏ ਦਾਅਵਾ ਕੀਤਾ ਸੀ ਬੀਜੇਪੀ ਅਤੇ RSS SGPC ਦੀਆਂ ਚੋਣਾਂ ਵਿੱਚ ਦਖਲ ਅੰਦਾਜ਼ੀ ਕਰ ਰਹੀ ਹੈ। ਇਸ ਤੋਂ ਇਲਾਵਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਅਤੇ ਸੁਖਦੇਵ ਸਿੰਘ ਢੀਂਡਸਾ ਵੀ ਸੁਖਬੀਰ ਬਾਦਲ ਨੂੰ SGPC ਦੀਆਂ ਚੋਣਾਂ ਵਿੱਚ ਮਾਤ ਦੇ ਲਈ ਪੂਰੀ ਤਰ੍ਹਾਂ ਨਾਲ ਕਮਰ ਕੱਸ ਚੁੱਕੇ ਨੇ ਉਨ੍ਹਾਂ ਵੱਲੋਂ ਵੀ ਬੀਬੀ ਜਗੀਰ ਕੌਰ ਦੇ ਹੱਕ ਵਿੱਚ SGPC ਦੇ ਮੈਂਬਰਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ।
ਇਸ ਤੋਂ ਪਹਿਲਾਂ 2002 ਵਿੱਚ ਗੁਰਚਰਨ ਸਿੰਘ ਟੋਹੜਾ ਨੇ ਅਕਾਲੀ ਦਲ ਲਈ SGPC ਦੀਆਂ ਚੋਣਾਂ ਦੌਰਾਨ ਮੁਸ਼ਕਿਲਾਂ ਖੜੀਆਂ ਕੀਤੀਆਂ ਸਨ । 26 ਵਾਰ SGPC ਦੇ ਪ੍ਰਧਾਨ ਰਹੇ ਗੁਰਚਰਨ ਸਿੰਘ ਟੋਹੜਾ ਦੇ ਹੱਕ ਵਿੱਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਬਿੰਗ ਕੀਤੀ ਸੀ । ਜਿਸ ਦੀ ਵਜ੍ਹਾ ਕਰਕੇ ਪ੍ਰਕਾਸ਼ ਸਿੰਘ ਬਾਦਲ ਵੱਲੋਂ SGPC ਦੇ ਮੈਂਬਰਾਂ ਨੂੰ ਬਾਲਾਸਰ ਫਾਰਮ ਹਾਊਸ ਵਿੱਚ ਰੱਖਿਆ ਗਿਆ ਸੀ। ਹਾਲਾਂਕਿ ਜਿੱਤ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਸੀ ਅਤੇ ਟੋਹੜਾ ਚੋਣ ਹਾਰ ਗਏ ਸਨ । ਪਰ ਇਸ ਵਾਰ ਹਾਲਾਤ ਵੱਖ ਹਨ,ਅਕਾਲੀ ਦਲ ਵਿੱਚ ਲਗਾਤਾਰ ਬਗਾਵਤ ਹੋਣ ਦੀ ਵਜ੍ਹਾ ਕਰਕੇ ਪਾਰਟੀ ਬਹੁਤ ਹੀ ਕਮਜ਼ੋਰ ਹੋ ਚੁੱਕੀ ਹੈ । ਕਿਸੇ ਵੇਲੇ ਵੀ SGPC ਦੀਆਂ ਚੋਣਾਂ ਦਾ ਐਲਾਨ ਹੋ ਸਕਦਾ ਹੈ। ਸਿਆਸੀ ਭਵਿੱਖ ਦੀ ਤਲਾਸ਼ ਲਈ SGPC ਦੇ ਮੈਂਬਰ ਕਿਧਰੇ ਵੀ ਵੋਟ ਕਰ ਸਕਦੇ ਹਨ ।