ਬਿਊਰੋ ਰਿਪੋਰਟ: ਸੀਨੀਅਰ ਭਾਜਪਾ ਆਗੂ ਅਤੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਭਾਜਪਾ ਦੇ ਗਠਜੋੜ ਤੋਂ ਸਪੱਸ਼ਟ ਤੌਰ ’ਤੇ ਇਨਕਾਰ ਕਰ ਦਿੱਤਾ ਹੈ। ਉਹ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ 2022 ਤੋਂ ਪੰਜਾਬ ਵਿੱਚ ਇਕੱਲੇ ਜਾ ਰਹੇ ਹਾਂ। ਭਾਜਪਾ ਪੰਜਾਬ ਵਿੱਚ ਇਕੱਲਿਆਂ ਹੀ ਚੱਲੇਗੀ। ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਬਹੁਤ ਹੇਠਾਂ ਚਲਾ ਗਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਬਾਰੇ ਕਿਹਾ ਕਿ ਮੈਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਧੰਨਵਾਦ ਕਰਦਾ ਹਾਂ। ਪੰਜਾਬ ਨੂੰ ਲੁੱਟਣ ਲਈ ਆਈ ਭਗੌੜੀ ਪਾਰਟੀ ਸਫ਼ਲ ਨਹੀਂ ਹੋ ਸਕੀ। ਇਸ ਦੇ ਨਾਲ ਹੀ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਸੁਖਬੀਰ ਬਾਦਲ ਨੂੰ ਆਪਣੀ ਪਾਰਟੀ ਬਾਰੇ ਸੋਚਣ ਦੀ ਸਲਾਹ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਇੱਕ ਅਕਾਲੀ ਦਲ ਕਹਿੰਦਾ ਹੈ ਕਿ ਅਕਾਲ ਤਖ਼ਤ ਸਾਹਿਬ ਨੇ ਸਾਨੂੰ ਬਣਾਇਆ, ਜਦੋਂ ਕਿ ਦੂਜਾ ਕਹਿੰਦਾ ਹੈ ਕਿ ਅਸੀਂ ਸੱਚਾ ਅਕਾਲੀ ਦਲ ਹਾਂ। ਜਲਦੀ ਹੀ ਲੋਕਾਂ ਨੂੰ ਇਸ ਅਕਾਲੀ ਦਲ ਬਾਰੇ ਵੀ ਫੈਸਲਾ ਲੈਣਾ ਪਵੇਗਾ। ਸਾਰਿਆਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਏ ਗਏ ਫੈਸਲੇ ’ਤੇ ਕਾਇਮ ਰਹਿਣਾ ਚਾਹੀਦਾ ਹੈ। ਅਕਾਲ ਤਖ਼ਤ ਮਹਾਨ ਹੈ, ਇਹ ਸਿੱਖ ਕੌਮ ਦਾ ਮਾਣ ਹੈ।