‘ਦ ਖਾਲਸ ਬਿਊਰੋ:ਪੰਜਾਬ ਪਬਲਿਕ ਸਰਵਿਸ ਕਮਿਸ਼ਨ ਬੋਰਡ ਦਾ ਇਮਤਿਹਾਨ ਪੰਜਾਬੀ ਵਿੱਚ ਨਾ ਲਏ ਜਾਣ ਤੇ ਕਾਫ਼ੀ ਸਾਰੇ ਪ੍ਰਤੀਕਰਮ ਆ ਰਹੇ ਹਨ।ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸ ਸੰਬੰਧ ਵਿੱਚ ਆਪਣਾ ਬਿਆਨ ਦਿੱਤਾ ਹੈ।ਉਹਨਾਂ ਦੱਸਿਆ ਕਿ ਕੱਲ ਜਦੋਂ ਇਹ ਇਮਤਿਹਾਨ ਸ਼ੁਰੂ ਹੋਏ ਤਾਂ ਪ੍ਰੀਖਿਆ ਦੇਣ ਵਾਲਿਆਂ ਨੂੰ ਇਹ ਦੇਖ ਕੇ ਝਟਕਾ ਲੱਗਾ ਕਿ ਪ੍ਰੀਖਿਆ ਪੰਜਾਬੀ ਵਿੱਚ ਨਹੀਂ ਹੋ ਰਹੀ ।ਉਹਨਾਂ ਦਿੱਲੀ ਦੀ ਕੇਜ਼ਰੀਵਾਲ ਸਰਕਾਰ ਤੇ ਵਰਦਿਆਂ ਕਿਹਾ ਕਿ ਇਸੇ ਤਰਾਂ ਦਿੱਲੀ ਵਿੱਚ ਵੀ ਪੰਜਾਬੀ ਨੂੰ ਹਟਾਇਆ ਗਿਆ ਸੀ।ਪਹਿਲਾਂ ਸਕੂਲਾਂ ਵਿੱਚ ਇਸ ਨੂੰ ਬੰਦ ਕੀਤਾ ਗਿਆ,ਪੰਜਾਬੀ ਅਧਿਆਪਕਾਂ ਦੀ ਭਰਤੀ ਨੂੰ ਬੰਦ ਕੀਤਾ ਗਿਆ ਤੇ ਫਿਰ ਪੰਜਾਬੀ ਕਲਰਕਾਂ ਦੀ ਭਰਤੀ ਬੰਦ ਕਰ ਦਿੱਤੀ ਗਈ।ਉਹਨਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਹੋਏ ਕਿਹਾ ਹੈ ਕਿ ਕਿਰਪਾ ਕਰਕੇ ਪੰਜਾਬੀ ਭਾਸ਼ਾ ਨੂੰ ਬੰਦ ਨਾ ਕੀਤਾ ਜਾਵੇ ਕਿਉਂਕਿ ਇਹ ਸਾਨੂੰ ਨਾ ਸਿਰਫ਼ ਸਾਡੀ ਭਾਸ਼ਾ ਨਾਲ,ਸਗੋਂ ਗੁਰਮੁਖੀ ਤੇ ਸਿੱਖੀ ਨਾਲ ਜੋੜਨ ਦਾ ਕੰਮ ਕਰਦੀ ਹੈ, ਸੋ ਇਸਨੂੰ ਨਾ ਹਟਾਇਆ ਜਾਵੇ।
