‘ਦ ਖ਼ਾਲਸ ਬਿਊਰੋ :- ਝਾਰਖੰਡ ਵਿੱਚ ਭਾਜਪਾ ਦੀ ਮੁਅੱਤਲ ਆਗੂ ਸੀਮਾ ਪਾਤਰਾ ਨੂੰ ਇੱਕ ਕਬਾਇਲੀ ਘਰੇਲੂ ਨੌਕਰਾਣੀ ਸੁਨੀਤਾ ਉੱਤੇ ਤਸ਼ੱਦਦ ਕਰਨ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਝਾਰਖੰਡ ਪੁਲਿਸ ਵੱਲੋਂ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਾਤਰਾ ਸੇਵਾਮੁਕਤ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) ਅਧਿਕਾਰੀ ਦੀ ਪਤਨੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸੁਨੀਤਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ‘ਚ ਉਹ ਆਪਣੇ ’ਤੇ ਢਾਹੇ ਕਥਿਤ ਤਸ਼ੱਦਦ ਨੂੰ ਬਿਆਨ ਕਰ ਰਹੀ ਸੀ। ਇਸ ਵੀਡੀਓ ਕਾਰਨ ਵਿਵਾਦ ਪੈਦਾ ਹੋ ਗਿਆ ਤੇ ਭਾਜਪਾ ਨੇ ਪਾਤਰਾ ਨੂੰ ਮੁਅੱਤਲ ਕਰ ਦਿੱਤਾ ਸੀ।
ਹਾਲਾਂਕਿ, ਬੀਜੇਪੀ ਨੇਤਾ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ। ਸੀਮਾ ਪਾਤਰਾ ਨੇ ਖੁਦ ਨੂੰ ਇਸ ਮਾਮਲੇ ‘ਚ ਫਸਾਉਣ ਦਾ ਦੋਸ਼ ਲਗਾਇਆ ਹੈ। ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਥਾਣੇ ਲਿਆਂਦਾ ਗਿਆ ਤਾਂ ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਾਰੇ ਸਿਆਸਤ ਤੋਂ ਪ੍ਰੇਰਿਤ ਦੋਸ਼ ਹਨ ਅਤੇ ਉਸ ’ਤੇ ਲਾਏ ਗਏ ਸਾਰੇ ਦੋਸ਼ ਗਲਤ ਹਨ। ਜਦੋਂ ਪੱਤਰਕਾਰਾਂ ਨੇ ਉਸ ਤੋਂ ਪੁੱਛਿਆ ਕਿ ਕੀ ਉਸ ਨੂੰ ਫਸਾਇਆ ਗਿਆ ਹੈ ਤਾਂ ਸੀਮਾ ਪਾਤਰਾ ਨੇ ਕਿਹਾ, “ਹਾਂ, ਸਾਨੂੰ ਫਰੇਮ ਕੀਤਾ ਗਿਆ ਹੈ।”