‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਸਰਦਾਰਾ ਸਿੰਘ ਜੌਹਲ ਵੱਲੋਂ ਕਿਸਾਨਾਂ ਨੂੰ ਦਿੱਤੀ ਗਈ ਸਲਾਹ ਤੋਂ ਬਾਅਦ ਕਿਹਾ ਕਿ ‘ਖੇਤੀ ਕਾਨੂੰਨ ਤਾਂ ਸੁਪਰੀਮ ਕੋਰਟ ਨੇ ਹੋਲਡ ‘ਤੇ ਪਾਏ ਹੋਏ ਹਨ। ਇਸ ਕਰਕੇ ਹਾਲੇ ਤੱਕ ਦੇਸ਼ ‘ਤੇ ਇਨ੍ਹਾਂ ਕਾਨੂੰਨਾਂ ਦਾ ਕੋਈ ਪ੍ਰਭਾਵ ਨਹੀਂ ਪੈ ਸਕਦਾ। ਸਰਦਾਰਾ ਸਿੰਘ ਜੌਹਲ ਜੋ ਗੱਲ ਕਹਿ ਰਹੇ ਹਨ, ਸਰਕਾਰ ਵੀ ਉਹੀ ਗੱਲ ਕਿਸਾਨਾਂ ਨੂੰ ਕਹਿ ਰਹੀ ਹੈ। ਕਿਸਾਨ ਅਖੀਰ ‘ਤੇ ਆ ਕੇ ਕਹਿ ਦਿੰਦੇ ਹਨ ਕਿ ਖੇਤੀ ਕਾਨੂੰਨ ਰੱਦ ਕਰੋ। ਕਿਸਾਨਾਂ ਵਿੱਚੋਂ ਚਾਰ-ਪੰਜ ਕਾਮਰੇਡ ਅੰਦੋਲਨ ਨੂੰ ਲੰਮਾ ਖਿੱਚਣਾ ਚਾਹੁੰਦੇ ਹਨ। ਗਰੇਵਾਲ ਨੇ ਯੋਗੇਂਦਰ ਯਾਦਵ, ਹਨਨ ਮੌਲਾ, ਕਵਿਤਾ, ਦਰਸ਼ਨਪਾਲ, ਬਲਬੀਰ ਸਿੰਘ ਰਾਜੇਵਾਲ ਨੂੰ ਕਾਮਰੇਡ ਕਿਹਾ ਹੈ’।
ਉਨ੍ਹਾਂ ਕਿਹਾ ਕਿ ‘ਸਰਕਾਰ ਕਿਸਾਨਾਂ ਦੀ ਹਰ ਗੱਲ ਮੰਨਣ ਨੂੰ ਤਿਆਰ ਹੈ। ਸਰਕਾਰ ਨੇ ਕਿਸਾਨਾਂ ਨੂੰ 10 ਵਾਰ ਕਹਿ ਦਿੱਤਾ ਹੈ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ, ਪਰ ਇਨ੍ਹਾਂ ਵਿੱਚ ਸੋਧ ਕੀਤੀ ਜਾਵੇਗੀ। 26-27 ਕਿਸਾਨ ਸੰਗਠਨ ਕਿਸਾਨ ਪੱਖੀ ਗੱਲਾਂ ਕਰਵਾ ਕੇ ਅੰਦੋਲਨ ਨੂੰ ਲੰਮਾ ਖਿੱਚਣਾ ਚਾਹੁੰਦੇ ਹਨ। ਅਸੀਂ ਤਾਂ ਕਿਸਾਨਾਂ ਨੂੰ ਸਰਕਾਰ ਦੀ ਸੋਚ ਦੱਸ ਰਹੇ ਹਾਂ ਪਰ ਸਰਕਾਰ ਦੀ ਸੋਚ ਦੱਸਣ ਵਾਲੇ ਨੂੰ ਵੀ ਕਿਸਾਨ ਗਾਲ੍ਹਾਂ ਕੱਢ ਰਹੇ ਹਨ, ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ’।