‘ਦ ਖ਼ਾਲਸ ਬਿਊਰੋ : ਬੀਜੇਪੀ ਨੇਤਾ ਅਤੇ ਅਦਾਕਾਰਾ ਸੋਨਾਲੀ ਫੋਗਾਟ ਦੀ ਅੱਜ ਸਵੇਰੇ ਮੌਤ ਹੋ ਗਈ ਹੈ। ਸੋਨਾਲੀ ਆਪਣੇ ਸਟਾਫ ਦੇ ਕੁਝ ਲੋਕਾਂ ਦੇ ਨਾਲ ਗੋਆ ਗਈ ਹੋਈ ਸੀ, ਜਿੱਥੇ ਦਿਲ ਦਾ ਦੌਰਾ ਪੈਣ ਕਰਕੇ ਸੋਨਾਲੀ ਦੀ ਮੌਤ ਹੋ ਗਈ। ਹਾਲਾਂਕਿ, ਮੌਤ ਦੀ ਵਜ੍ਹਾ ਦੇ ਬਾਰੇ ਪੁਖਤਾ ਤੌਰ ਉੱਤੇ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ। ਆਪਣੀ ਮੌਤ ਤੋਂ ਅਣਜਾਣ ਸੋਨਾਲੀ ਫੋਗਾਟ ਨੇ ਆਪਣੇ ਇੰਸਟਾਗ੍ਰਾਮ ਪੇਜ ਉੱਤੇ 13 ਘੰਟੇ ਪਹਿਲਾਂ ਆਪਣੀ ਇੱਕ ਫੋਟੋ ਅਤੇ ਵੀਡੀਓ ਸਾਂਝੀ ਕੀਤੀ ਸੀ।
ਸੋਨਾਲੀ ਫੋਗਾਟ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਕਤ ਚਰਚਾ ਵਿੱਚ ਆਈ ਸੀ। ਸੋਨਾਲੀ ਦੀ ਜ਼ਿੰਦਗੀ ਨਾਲ ਹੋਰ ਵੀ ਕਈ ਪਰਤਾਂ ਜੁੜੀਆਂ ਹੋਈਆਂ ਹਨ ਜਿਵੇਂ ਕਿ ਟਿੱਕਟਾਕ, ਬੀਜੇਪੀ, ਸਰਕਾਰੀ ਅਧਿਕਾਰੀਆਂ ਦੇ ਨਾਲ ਬਦਸਲੂਕੀ ਅਤੇ ਪਤੀ ਦੀ ਮੌਤ ਨਾਲ ਜੁੜੇ ਕਈ ਸਵਾਲ।
ਇਹ ਵੀ ਪੜ੍ਹੋ : ਵਿਜੀਲੈਂਸ ਨੇ ਐਮ ਪੀ ਬਿੱਟੂ ਦੀ ਮਰੋੜੀ ਬਾਂਹ
ਸੋਨਾਲੀ ਦਾ ਜਨਮ ਹਰਿਆਣਾ ਦੇ ਹਿਸਾਰ ਦੇ ਨਜ਼ਦੀਕ ਇੱਕ ਪਿੰਡ ਵਿੱਚ ਸਾਲ 1979 ਵਿੱਚ ਹੋਇਆ ਸੀ। ਸੋਨਾਲੀ ਨੇ 1995 ਵਿੱਚ ਹਰਿਆਣਾ ਤੋਂ 10ਸਵੀਂ ਪਾਸ ਕੀਤੀ ਸੀ। ਸੋਨਾਲੀ ਦਾ ਪਰਿਵਾਰ ਚਾਰ ਪੀੜੀਆਂ ਤੋਂ ਹਿਸਾਰ ਦੇ ਹਰਿਤਾ ਪਿੰਡ ਵਿੱਚ ਰਹਿੰਦਾ ਹੈ। ਸੋਨਾਲੀ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਸੱਸ, ਨਣਦ, ਦਿਓਰ ਅਤੇ ਬੇਟੀ ਹੈ।
ਸੋਨਾਲੀ ਹਰਿਆਣਾ ਦੂਰਦਰਸ਼ਨ ਟੀਵੀ ਸਮੇਤ ਕਈ ਸ਼ੋਅ ਅਤੇ ਕੁਝ ਹਰਿਆਣਵੀ ਫਿਲਮਾਂ ਵਿੱਚ ਵੀ ਨਜ਼ਰ ਆਈ ਸੀ। ਸੋਨਾਲੀ ਬੀਜੇਪੀ ਨਾਲ ਸਾਲ 2008 ਵਿੱਚ ਪਹਿਲੀ ਵਾਰ ਜੁੜੀ ਸੀ ਅਤੇ ਉਹ ਬੀਜੇਪੀ ਮਹਿਲਾ ਮੋਰਚਾ ਵਿੱਚ ਵੀ ਰਹੀ ਸੀ। ਸਾਲ 2019 ਤੱਕ ਹਰਿਆਣਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਸੋਨਾਲੀ ਦੇ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਪ੍ਰਸ਼ੰਸਕ ਸਨ। ਸੋਸ਼ਲ ਮੀਡੀਆ ਐਪ ਟਿਕਟਾਕ ਉੱਤੇ ਸਾਲ 2019 ਵਿੱਚ ਸੋਨਾਲੀ ਦੇ ਕਰੀਬ ਇੱਕ ਲੱਖ 25 ਹਜ਼ਾਰ ਫੋਲੋਅਰਜ਼ ਸਨ। ਇਸੇ ਲੋਕਪ੍ਰਿਅਤਾ ਨੂੰ ਚੁਣਾਵੀ ਵੋਟਾਂ ਵਿੱਚ ਬਦਲਣ ਦੇ ਮਕਸਦ ਨਾਲ ਬੀਜੇਪੀ ਨੇ ਸੋਨਾਲੀ ਫੋਗਾਟ ਨੂੰ ਹਿਸਾਰ ਦੀ ਆਦਮਪੁਰ ਸੀਟ ਤੋਂ ਟਿਕਟ ਦਿੱਤੀ ਸੀ। ਸਾਲ 2019 ਵਿੱਚ ਆਪਣੇ ਚੋਣ ਹਲਫਨਾਮੇ ਵਿੱਚ ਆਪਣੀ ਸੰਪਤੀ ਦੋ ਕਰੋੜ 74 ਲੱਖ ਰੁਪਏ ਦੱਸੀ ਸੀ।
ਸੋਨਾਲੀ ਦੇ ਸਾਹਮਣੇ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਬਿਸ਼ਨੋਈ ਸਨ। ਚੋਣ ਨਤੀਜੇ ਆਉਣ ਤੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਸੋਨਾਲੀ ਫੋਗਾਟ ਕੁਲਦੀਪ ਸਿੰਘ ਬਿਸ਼ਨੋਈ ਨੂੰ ਟੱਕਰ ਦੇ ਸਕਦੀ ਹੈ। ਪਰ ਸੋਨਾਲੀ ਫੋਗਾਟ ਨੂੰ ਚੋਣਾਂ ਵਿੱਚ ਹਾਰ ਮਿਲੀ। ਕੁਲਦੀਪ ਸਿੰਘ ਬਿਸ਼ਨੋਈ ਨੇ ਸੋਨਾਲੀ ਨੂੰ ਉਦੋਂ ਲਗਭਗ 29 ਹਜ਼ਾਰ ਵੋਟਾਂ ਨਾਲ ਹਰਾਇਆ ਸੀ। ਹਾਲਾਂਕਿ, ਬਾਅਦ ਵਿੱਚ ਬਿਸ਼ਨੋਈ ਵੀ ਕਾਂਗਰਸ ਦਾ ਹੱਥ ਛੱਡ ਕੇ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਸਨ। ਕੁਝ ਦਿਨ ਪਹਿਲਾਂ ਹੀ ਸੋਨਾਲੀ ਅਤੇ ਕੁਲਦੀਪ ਸਿੰਘ ਬਿਸ਼ਨੋਈ ਦੇ ਨਾਲ ਹੀ ਫੋਟੋ ਸੋਸ਼ਲ ਮੀਡੀਆ ਉੱਤੇ ਨਜ਼ਰ ਆਈ ਸੀ।
ਚੋਣ ਵਿੱਚ ਹਾਰ ਤੋਂ ਬਾਅਦ ਸੋਨਾਲੀ ਫੋਗਾਟ ਚਰਚਾ ਵਿੱਚ ਬਣੀ ਰਹੀ ਸੀ। ਸਾਲ 2020 ਵਿੱਚ ਅਨਾਜ ਮੰਡੀ ਦੇ ਇੱਕ ਅਧਿਕਾਰੀ ਦੇ ਨਾਲ ਸੋਨਾਲੀ ਦੀ ਕੁੱਟਮਾਰ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਇਸ ਵੀਡੀਓ ਵਿੱਚ ਸੋਨਾਲੀ ਅਧਿਕਾਰੀ ਦੇ ਨਾਲ ਬਹਿਸ ਅਤੇ ਕੁੱਟਮਾਰ ਕਰਦੀ ਨਜ਼ਰ ਆਈ ਸੀ।
ਸੋਨਾਲੀ ਦੇ ਪਤੀ ਦੀ ਮੌਤ ਨੂੰ ਲੈ ਕੇ ਵੀ ਸੋਸ਼ਲ ਮੀਡੀਆ ਉੱਤੇ ਕਈ ਤਰ੍ਹਾਂ ਦੀਆਂ ਗੱਲਾਂ ਫੈਲੀਆਂ ਸਨ। ਸੋਨਾਲੀ ਫੋਗਾਟ ਸਾਲ 2020-21 ਵਿੱਚ ਬਿਗ ਬੌਸ ਵਿੱਚ ਵੀ ਸ਼ਾਮਿਲ ਹੋਈ ਸੀ।