‘ਦ ਖ਼ਾਲਸ ਬਿਊਰੋ :- ਬੀਜੇਪੀ ਦੇ ਲੀਡਰ ਮਾਸਟਰ ਮੋਹਨ ਲਾਲ ਨੇ ਕਿਸਾਨਾਂ ਵੱਲੋਂ ਅੱਜ ਮਹਿੰਗਾਈ ਦੇ ਖਿਲਾਫ ਕੀਤੇ ਜਾ ਰਹੇ ਪ੍ਰਦਰਸ਼ਨ ਬਾਰੇ ਕਿਹਾ ਕਿ ਕਿਸਾਨਾਂ ਦਾ ਮਸਲਾ ਰਾਜਨੀਤਿਕ ਮਸਲਾ ਬਣ ਚੁੱਕਾ ਹੈ। ਇਹ ਹੁਣ ਕਿਸਾਨਾਂ ਦਾ ਮਸਲਾ ਨਹੀਂ ਰਿਹਾ ਹੈ। ਇਹ ਅੰਦੋਲਨ ਹੁਣ ਕਾਂਗਰਸ ਦੇ ਪਿੱਛੇ ਹੈ। ਕਿਸਾਨ ਲੀਡਰਾਂ ਵੱਲੋਂ ਬੀਜੇਪੀ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਨਾ ਇਨ੍ਹਾਂ ਦੀ ਰਾਜਨੀਤਿਕ ਸੂਝ ਹੈ। ਇਨ੍ਹਾਂ ਨੂੰ ਕਿਸਾਨੀ ਨਾਲ ਹਿੱਤ ਨਹੀਂ ਹੈ। ਇਹ ਸਿੱਧਾ ਸਰਕਾਰ ਨਾਲ ਗੱਲ ਕਰਨ, ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਇਨ੍ਹਾਂ ਦੀ ਲਗਾਤਾਰ ਇੱਕੋ ਹੀ ਮੰਗ ਹੈ ਕਿ ਖੇਤੀ ਕਾਨੂੰਨ ਰੱਦ ਕਰੋ, ਪਰ ਅਸੀਂ ਖੇਤੀ ਕਾਨੂੰਨ ਰੱਦ ਨਹੀਂ ਕਰ ਸਕਦੇ। ਅਸੀਂ ਖੇਤੀ ਕਾਨੂੰਨਾਂ ਵਿੱਚ ਸੋਧ ਕਰਨ ਲਈ ਤਿਆਰ ਹਾਂ। ਇਹ ਕਾਨੂੰਨ ਤਾਂ ਪਾਰਲੀਮੈਂਟ ਦਾ ਸੈਸ਼ਨ ਹੀ ਰੱਦ ਕਰ ਸਕਦਾ ਹੈ, ਸਰਕਾਰ ਨਹੀਂ ਕਰ ਸਕਦੀ। ਵਰਤਮਾਨ ਹਾਲਤ ਵਿੱਚ ਕਿਸਾਨ ਬੀਜੇਪੀ ਨੂੰ ਬਹੁਤ ਨੁਕਸਾਨ ਪਹੁੰਚਾ ਰਹੇ ਹਨ। ਬੀਜੇਪੀ ਨੂੰ ਰਾਜਨੀਤਿਕ ਤੌਰ ‘ਤੇ ਬਹੁਤ ਨੁਕਸਾਨ ਹੋ ਰਿਹਾ ਹੈ। ਕਿਸਾਨੀ ਅੰਦੋਲਨ ਪਿੱਛੇ ਲੱਗੀਆਂ ਰਾਜਨੀਤਿਕ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਇਹ ਅੰਦੋਲਨ ਖਤਮ ਹੋਵੇ। ਅਸੀਂ ਤਾਂ ਅੰਦੋਲਨ ਖਤਮ ਕਰਨਾ ਚਾਹੁੰਦੇ ਹਾਂ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਬੀਜੇਪੀ ਲੀਡਰ ਮਾਸਟਰ ਮੋਹਨ ਲਾਲ ਨੂੰ ਜਵਾਬ ਦਿੰਦਿਆਂ ਕਿਹਾ ਕਿ ਜੇ ਸਰਕਾਰ ਕਿਸਾਨਾਂ ਦੀ ਹਰ ਗੱਲ ਮੰਨਣ ਨੂੰ ਤਿਆਰ ਹੈ ਤਾਂ ਫਿਰ ਇਸ ਵਿੱਚ ਕਾਨੂੰਨ ਰੱਦ ਕਰਨ ਵਾਲੀ ਗੱਲ ਕਿਉਂ ਨਹੀਂ ਆ ਸਕਦੀ। ਜਿੱਥੋਂ ਤੱਕ ਰਾਜਨੀਤੀ ਦਾ ਸਵਾਲ ਹੈ, ਕਿਸਾਨ ਅੰਦੋਲਨ ਬਿਲਕੁਲ ਵੀ ਕਿਸੇ ਰਾਜਨੀਤੀ ਦੀ ਧਿਰ ਨਹੀਂ ਹੈ। ਤੁਸੀਂ ਕਿਸਾਨਾਂ ਦਾ ਹੱਲ ਕਰਵਾ ਦਿਉ, ਕਿਸਾਨੀ ਅੰਦੋਲਨ ਆਪੇ ਖਤਮ ਹੋ ਜਾਵੇਗਾ। ਕਿਸਾਨੀ ਅੰਦੋਲਨ ਬਿਲਕੁਲ ਨਿਰਪੱਖ ਹੈ। ਤੁਸੀਂ ਇਸੇ ਕਿਸਾਨ ਨੂੰ ਆਪਣਾ ਅੰਨਦਾਤਾ, ਭਗਵਾਨ, ਰੀੜ੍ਹ ਦੀ ਹੱਡੀ ਕਹਿੰਦੇ ਹੋ ਤਾਂ ਫਿਰ ਇਨ੍ਹਾਂ ਨੂੰ ਵੀ ਲੋਕਤੰਤਰ ਵਿੱਚ ਆਪਣੀ ਗੱਲ ਕਰਨ ਦਾ ਹੱਕ ਹੈ। ਲੋਕਾਂ ਵੱਲੋਂ ਚੁਣੀਆਂ ਹੋਈਆਂ ਸਰਕਾਰਾਂ ਲੋਕਾਂ ਦੀਆਂ ਗੱਲਾਂ ਸੁਣਦੀਆਂ ਹਨ।
ਮਾਸਟਰ ਮੋਹਨ ਲਾਲ ਨੇ ਪੰਧੇਰ ਨੂੰ ਮੌੜਵਾਂ ਜਵਾਬ ਦਿੰਦਿਆਂ ਕਿਹਾ ਕਿ ਅੰਦੋਲਨ ਵਾਪਸ ਲੈਣ ਵਾਲੀ ਗੱਲ ਹੁਣ ਪੰਧੇਰ ਦੇ ਹੱਥ ਵਿੱਚ ਵੀ ਨਹੀਂ ਰਹੀ ਹੈ, ਕਿਉਂਕਿ ਜਿਹੜੀਆਂ ਜਥੇਬੰਦੀਆਂ ਰਾਜਨੀਤਿਕ ਤੌਰ ‘ਤੇ ਕਿਸਾਨੀ ਅੰਦੋਲਨ ਦੇ ਪਿੱਛੇ ਖੜ੍ਹੀਆਂ ਹੋ ਗਈਆਂ ਹਨ, ਉਹ ਹੁਣ ਪੰਧੇਰ, ਰਾਜੇਵਾਲ, ਟਿਕੈਤ, ਕਿਸੇ ਦੀ ਵੀ ਗੱਲ ਨਹੀਂ ਮੰਨਣਗੀਆਂ। ਰਾਜਨੀਤਿਕ ਪਾਰਟੀਆਂ ਚਾਹੁੰਦੀਆਂ ਹਨ ਕਿ ਬੀਜੇਪੀ ਨੂੰ ਦੇਸ਼ ਦੇ ਅੰਦਰ ਹਰਾਉਣਾ ਹੈ। ਬੀਜੇਪੀ ਲੀਡਰ ਜਿੱਥੇ ਵੀ ਜਾਂਦੇ ਹਨ, ਉੱਥੇ ਹੀ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਜਾਂਦਾ ਹੈ। ਕਿਸਾਨਾਂ ਨੇ ਤਾਂ ਇੱਥੋਂ ਤੱਕ ਲਾਮਬੰਦੀ ਕਰ ਦਿੱਤੀ ਹੈ ਕਿ ਜੇ ਬੀਜੇਪੀ ਲੀਡਰ ਘਰੋਂ ਬਾਹਰ ਵੀ ਪੈਰ ਰੱਖਦੇ ਹਨ ਤਾਂ ਲੋਕ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਹਨ। ਇਹ ਕਿੱਥੋਂ ਦਾ ਲੋਕਤੰਤਰ ਹੈ ਕਿ ਕਿਸਾਨ ਆਪਣੀ ਗੱਲ ਰੱਖ ਸਕਦੇ ਹਨ ਪਰ ਬੀਜੇਪੀ ਆਪਣਾ ਪੱਖ ਨਹੀਂ ਰੱਖ ਸਕਦਾ।
ਪੰਧੇਰ ਨੇ ਮਾਸਟਰ ਮੋਹਨ ਲਾਲ ਨੂੰ ਉਨ੍ਹਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸਾਡਾ ਇਸ ਸਰਕਾਰ ਦੀਆਂ ਨੀਤੀਆਂ ਨਾਲ ਵਿਰੋਧ ਹੈ, ਬੀਜੇਪੀ ਲੀਡਰਾਂ ਨਾਲ ਕਿਸਾਨਾਂ ਦਾ ਕੋਈ ਨਿੱਜੀ ਵਿਰੋਧ ਨਹੀਂ ਹੈ। ਸਾਡਾ ਨੀਤੀਆਂ ਨਾਲ ਵਿਰੋਧ ਹੈ, ਜਿਨ੍ਹਾਂ ਦਾ ਅਸੀਂ ਲੋਕਤੰਤਰੀ ਢੰਗ ਨਾਲ ਵਿਰੋਧ ਕਰਾਂਗੇ। ਸਾਰੀਆਂ ਵਿਰੋਧੀ ਧਿਰਾਂ ਨੀਤੀਆਂ ਪੱਖੋਂ ਇੱਕ ਹਨ।