The Khalas Tv Blog India ਲੋਕ ਸਭਾ ਚੋਣਾਂ 2024 : BJP ਨੂੰ ਪੰਜਾਬ ‘ਚ ਸਿੱਖ ਉਮੀਦਵਾਰਾਂ ਦੀ ਤਲਾਸ਼, ਬਣਾਇਆ ਇਹ ਪਲਾਨ…
India Punjab

ਲੋਕ ਸਭਾ ਚੋਣਾਂ 2024 : BJP ਨੂੰ ਪੰਜਾਬ ‘ਚ ਸਿੱਖ ਉਮੀਦਵਾਰਾਂ ਦੀ ਤਲਾਸ਼, ਬਣਾਇਆ ਇਹ ਪਲਾਨ…

ਲੋਕਸਭਾ ਚੋਣਾਂ 2024 : BJP ਨੂੰ ਪੰਜਾਬ ‘ਚ ਸਿੱਖ ਉਮੀਦਾਵਾਰਾਂ ਦੀ ਤਲਾਸ਼, ਬਣਾਇਆ ਇਹ ਪਲਾਨ...

ਚੰਡੀਗੜ੍ਹ : 2024 ਲੋਕਸਭਾ ਚੋਣਾਂ(2024 Lok Sabha Elections) ਵਿੱਚ ਪੰਜਾਬ ਭਾਰਤੀ ਜਨਤਾ ਪਾਰਟੀ(BJP) ਲਈ ਵੱਡੀ ਚੁਣੌਤੀ ਹੋਵੇਗਾ। ਇਸਲਈ ਇਸ ਵਾਰ ਪੰਜਾਬ ਵਿੱਚ ਸੀਟਾਂ ਜਿੱਤਣ ਲਈ ਭਾਜਪਾ ਨੇ ਹੁਣੇ ਤੋਂ ਜੋਰਦਾਰ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਆਪਣੀ ਪੁਰਾਣੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ(SAD) ਨਾਲੋਂ ਤੋੜ-ਵਿਛੋੜਾ ਤੋਂ ਬਾਅਦ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਲੋਕਾ ਸਭਾ ਚੋਣਾਂ ਵੀ ਇੱਕਲੇ ਲੜਣ ਦੀ ਵੱਡੀ ਚੁਣੌਤੀ ਹੈ। ਇਸ ਨੂੰ ਸਰ ਕਰਨ ਲਈ ਬੀਜੇਪੀ ਨੂੰ ਪੰਜਾਬ ਵਿੱਚ ਸਿੱਖ ਉਮੀਦਵਾਰਾਂ(Sikh Candidates) ਦੀ ਤਲਾਸ਼ ਹੈ।

ਨਿਊਜ਼-18 ਦੀ ਰਿਪੋਰਟ ਮੁਤਾਬਿਕ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਪੰਜਾਬ ਵਿੱਚ ਬਣਨ ਵਾਲੀ ਨਵੀਂ ਸੂਬਾ ਕਾਰਜਕਾਰਨੀ ਵਿੱਚ 50 ਫੀਸਦੀ ਭਰੋਸੇਯੋਗ ਸਿੱਖ ਆਗੂਆਂ ਨੂੰ ਸ਼ਾਮਲ ਕਰਨਾ ਚਾਹੁੰਦੀ ਹੈ। ਪਾਰਟੀ ਨੂੰ ਹੁਣ ਤੱਕ ਪੰਜਾਬ ਵਿੱਚ ਹਿੰਦੂਤਵ ਸਿਆਸੀ ਪਾਰਟੀ ਵਜੋਂ ਦੇਖਿਆ ਜਾਂਦਾ ਰਿਹਾ ਹੈ, ਪਰ ਰਿਪੋਰਰਟ ਦਾ ਕਹਿਣਾ ਹੈ ਕਿ ਭਾਜਪਾ 13 ਲੋਕ ਸਭਾ ਸੀਟਾਂ ਵਿੱਚੋਂ ਜ਼ਿਆਦਾਤਰ ਲਈ ਮਜ਼ਬੂਤ ਸਿੱਖ ਉਮੀਦਵਾਰਾਂ ਦੀ ਤਲਾਸ਼ ਕਰ ਰਹੀ ਹੈ। ਇਸਦੀ ਵੱਡੀ ਵਜ੍ਹਾ ਸੂਬੇ ਦੇ ਕੁੱਲ ਵੋਟਰਾਂ ਦਾ 58% ਹਿੱਸਾ ਸਿੱਖ ਭਾਈਚਾਰਾ ਦੱਸੀ ਜਾ ਰਹੀ ਹੈ।

‘ਮਿਸ਼ਨ 2024’ : ਪੰਜਾਬ ‘ਚ ਜਿੱਤ ਹਾਸਲ ਕਰਨ ਲਈ BJP ਨੇ ਸ਼ੁਰੂ ਕੀਤਾ ਇਹ ਕੰਮ..

ਮਿਸ਼ਨ 2024 : 3 ਕੇਂਦਰੀ ਮੰਤਰੀਆਂ ਨੂੰ 9 ਲੋਕ ਸਭਾ ਸੀਟਾਂ ਦੀ ਜ਼ਿੰਮੇਵਾਰੀ

ਭਾਜਪਾ ਨੇ ਆਪਣਾ ਆਧਾਰ ਵਧਾਉਣ ਲਈ 3 ਕੇਂਦਰੀ ਮੰਤਰੀਆਂ ਨੂੰ 9 ਲੋਕ ਸਭਾ ਸੀਟਾਂ ਦੀ ਜ਼ਿੰਮੇਵਾਰੀ ਦਿੱਤੀ ਹੈ। ਖ਼ਬਰ ਮੁਤਾਬਿਕ ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸ਼ੇਖਾਵਤ ਆਨੰਦਪੁਰ ਸਾਹਿਬ, ਹੁਸ਼ਿਆਰਪੁਰ ਅਤੇ ਬਠਿੰਡਾ ਦੇ ਇੰਚਾਰਜ ਹਨ। ਕੇਂਦਰੀ ਵਿਦੇਸ਼ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਅੰਮ੍ਰਿਤਸਰ, ਜਲੰਧਰ ਅਤੇ ਗੁਰਦਾਸਪੁਰ ਦੀ ਦੇਖ-ਰੇਖ ਕਰ ਰਹੇ ਹਨ। ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਪਟਿਆਲਾ, ਸੰਗਰੂਰ ਅਤੇ ਲੁਧਿਆਣਾ ਦੇ ਇੰਚਾਰਜ ਹਨ। ਭਾਜਪਾ ਦੇ ਇਕ ਨੇਤਾ ਨੇ ਕਿਹਾ ਕਿ ਪਾਰਟੀ ਜਲਦੀ ਹੀ ਹੋਰ ਸੀਟਾਂ ਦੇ ਇੰਚਾਰਜ ਨੇਤਾਵਾਂ ਦੀ ਨਿਯੁਕਤੀ ਕਰੇਗੀ।

ਕਾਂਗਰਸੀ ਆਗੂਆਂ ਨੂੰ ਅਹਿਮ ਅਹੁਦੇ ਮਿਲਣਗੇ

ਸ਼ੇਖਾਵਤ ਨੇ ਸੂਬਾ ਭਾਜਪਾ ‘ਚ ਬਦਲਾਅ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਫੌਰੀ ਬਦਲਾਅ ਦਾ ਕੋਈ ਕਾਰਨ ਨਹੀਂ ਹੈ, ਪਰ ਆਉਣ ਵਾਲੇ ਦਿਨਾਂ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਜਿਹਾ ਕੀਤਾ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਵਿੱਚ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਜੋ ਕਿ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ, ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਉਮੀਦਵਾਰ ਹੋ ਸਕਦੇ ਹਨ।

ਭਾਜਪਾ ਵਿੱਚ 3 ਸਿੱਖਾਂ ਮਨਜੀਤ ਸਿੰਘ ਰਾਏ, ਰਜਿੰਦਰ ਮੋਹਨ ਸਿੰਘ ਛੀਨਾ ਅਤੇ ਹਰਜੀਤ ਸਿੰਘ ਗਰੇਵਾਲ ਦੀ ਮੌਜੂਦਗੀ ਸਪੱਸ਼ਟ ਹੈ। ਹੁਣ ਭਾਜਪਾ ਵਿੱਚ ਸ਼ਾਮਲ ਹੋਏ ਕਾਂਗਰਸ ਦੇ ਸਿੱਖ ਆਗੂਆਂ ਨੂੰ ਅਹਿਮ ਅਹੁਦਿਆਂ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿੱਚ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ, ਬਲਬੀਰ ਸਿੱਧੂ ਅਤੇ ਗੁਰਪ੍ਰੀਤ ਕਾਂਗੜ ਸ਼ਾਮਲ ਹਨ।

ਦੱਸ ਦੇਈਏ ਕਿ ਭਾਜਪਾ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਨਾਲ ਗਠਜੋੜ ਵਿੱਚ ਛੋਟੇ ਭਰਾ ਦੀ ਭੂਮਿਕਾ ਵਿੱਚ ਸੀ, ਪਰ ਦਹਾਕਿਆਂ ਪੁਰਾਣਾ ਗਠਜੋੜ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਕਾਰਨ ਟੁੱਟ ਗਿਆ ਸੀ।

Exit mobile version