ਬਿਉਰੋ ਰਿਪੋਰਟ: ਕਿਸਾਨ ਅੰਦੋਲਨ ’ਤੇ ਮੰਡੀ ਤੋਂ ਲੋਕ ਸਭਾ ਮੈਂਬਰ ਕੰਗਨਾ ਰਣੌਤ ਦੇ ਬਿਆਨ ’ਤੇ ਭਾਜਪਾ ਨੇ ਅਸਹਿਮਤੀ ਪ੍ਰਗਟਾਈ ਹੈ। ਭਾਜਪਾ ਨੇ ਇੱਕ ਬਿਆਨ ਜਾਰੀ ਕਰਕੇ ਕੰਗਨਾ ਨੂੰ ਭਵਿੱਖ ਵਿੱਚ ਅਜਿਹਾ ਕੋਈ ਬਿਆਨ ਨਾ ਦੇਣ ਦੀ ਸਲਾਹ ਦਿੱਤੀ ਹੈ। ਕੰਗਨਾ ਰਣੌਤ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਕਿਸਾਨ ਅੰਦੋਲਨ ਵਿੱਚ ਬਲਾਤਕਾਰ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ ਤੇ ਅੰਦੋਲਨ ਦੌਰਾਨ ਹਿੰਸਾ ਹੋ ਰਹੀ ਸੀ। ਇਸ ਬਿਆਨ ਤੋਂ ਬਾਅਦ ਕੰਗਨਾ ਰਣੌਤ ਕਿਸਾਨਾਂ ਤੇ ਕਈ ਕਿਸਾਨ ਹਿਤੈਸ਼ੀ ਆਗੂਆਂ ਦੇ ਨਿਸ਼ਾਨੇ ’ਤੇ ਹੈ।
ਭਾਜਪਾ ਦੇ ਕੇਂਦਰੀ ਮੀਡੀਆ ਵਿਭਾਗ ਨੇ ਸੋਮਵਾਰ (26 ਅਗਸਤ) ਨੂੰ ਇੱਕ ਪ੍ਰੈਸ ਬਿਆਨ ਜਾਰੀ ਕੀਤਾ। ਇਸ ਵਿੱਚ ਕਿਹਾ ਗਿਆ ਹੈ, “ਕਿਸਾਨ ਅੰਦੋਲਨ ਦੇ ਸੰਦਰਭ ਵਿੱਚ ਬੀਜੇਪੀ ਸੰਸਦ ਕੰਗਨਾ ਰਣੌਤ ਵੱਲੋਂ ਦਿੱਤਾ ਗਿਆ ਬਿਆਨ ਪਾਰਟੀ ਦੀ ਰਾਏ ਨਹੀਂ ਹੈ। ਭਾਰਤੀ ਜਨਤਾ ਪਾਰਟੀ ਵੀ ਕੰਗਨਾ ਰਣੌਤ ਦੇ ਬਿਆਨ ਨਾਲ ਅਸਹਿਮਤੀ ਪ੍ਰਗਟ ਕਰਦੀ ਹੈ। ਪਾਰਟੀ ਦੇ ਵੱਲੋਂ, ਪਾਰਟੀ ਦੇ ਨੀਤੀਗਤ ਮੁੱਦਿਆਂ ’ਤੇ ਬੋਲਣ ਲਈ ਕੰਗਨਾ ਰਣੌਤ ਨੂੰ ਨਾ ਤਾਂ ਆਗਿਆ ਹੈ ਤੇ ਨਾ ਹੀ ਉਹ ਬਿਆਨ ਦੇਣ ਲਈ ਅਧਿਕਾਰਿਤ ਹੈ। ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਨੂੰ ਭਵਿੱਖ ’ਚ ਅਜਿਹਾ ਬਿਆਨ ਨਾ ਦੇਣ ਦਾ ਨਿਰਦੇਸ਼ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ ਤੇ ਸਭ ਦੀ ਕੋਸ਼ਿਸ਼ ਤੇ ਸਮਾਜਿਕ ਸਦਭਾਵਨਾ ਦੇ ਸਿਧਾਂਤਾਂ ਦੀ ਪਾਲਣਾ ਕਰਨ ਲਈ ਦ੍ਰਿੜ ਹੈ।”
BJP expressed disagreement with its MP Kangna Ranaut’s comments on farmers agitation, says she is not authorised to speak on policy issues. pic.twitter.com/xJ878F5pWK
— Press Trust of India (@PTI_News) August 26, 2024
ਕਾਂਗਰਸ ਨੇ ਕੰਗਨਾ ਨੂੰ ਮੁਆਫ਼ੀ ਮੰਗਣ ਲਈ ਕਿਹਾ
ਉੱਧਰ ਕਾਂਗਰਸ ਨੇ ਵੀ ਕੰਗਨਾ ਰਣੌਤ ਦੇ ਬਿਆਨ ਨੂੰ ਲੈ ਕੇ ਮੁਆਫੀ ਮੰਗਣ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸੇ ਵੀ ਸੰਸਦ ਮੈਂਬਰ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ। ਉਨ੍ਹਾਂ ਨੂੰ ਆਪਣੇ ਇਲਾਕੇ ਦੇ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਸ ਦੌਰਾਨ ਝਾਰਖੰਡ ਮੁਕਤੀ ਮੋਰਚਾ ਨੇ ਕਿਹਾ, “ਦੇਸ਼ ਦੇ ਅੰਨ ਦਾਤਿਆਂ ਲਈ ਬੀਜੇਪੀ ਸਾਂਸਦ ਦੇ ਵਿਚਾਰ ਦੇਖੋ। – ਉਨ੍ਹਾਂ ਦੇ ਦਿਲਾਂ ਵਿੱਚ ਕਿੰਨੀ ਨਫ਼ਰਤ ਹੈ ਜੇਕਰ ਕੋਈ ਆਪਣੀ ਮਰਜ਼ੀ ਅਨੁਸਾਰ ਬੋਲਦਾ, ਖਾਂਦਾ, ਪਹਿਨਦਾ, ਸੋਚਦਾ ਜਾਂ ਕੰਮ ਨਹੀਂ ਕਰਦਾ। ਇਨ੍ਹਾਂ ਨੂੰ ਦੇਸ਼ਵਾਸੀਆਂ ਦੇ ਰੂਪ ਵਿੱਚ ਰੋਬੋਟ ਚਾਹੀਦੇ ਹਨ ਜਿਨ੍ਹਾਂ ਕੋਲ ਖ਼ੁਦ ਦਾ ਦਿਮਾਗ ਨਾ ਹੋਵੇ। ਤੇ ਜੇ ਹੋਵੇ ਤਾਂ ਇਨ੍ਹਾਂ ਵਾਗੂੰ ਨਫ਼ਰਤ ਨਾਲ ਭਰਿਆ ਹੋਵੇ।”