ਬਿਉਰੋ ਰਿਪੋਰਟ – ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ (PUNJAB BJP PRESIDENT SUNIL JAKHAR) ਦੇ ਅਸਤੀਫ਼ੇ ਦੀਆਂ ਖ਼ਬਰਾਂ ਪਾਰਟੀ ਨੇ ਖਾਰਜ ਕਰ ਦਿੱਤੀਆਂ ਹਨ। ਅਜਿਹੇ ਵਿੱਚ ਹੁਣ ਖ਼ਬਰ ਆਈ ਹੈ 30 ਸਤੰਬਰ ਨੂੰ ਬੀਜੇਪੀ ਦੇ ਪੰਜਾਬ ਪ੍ਰਭਾਰੀ ਵਿਜੇ ਰੁਪਾਣੀ ਨੇ 30 ਸਤੰਬਰ ਨੂੰ ਐਮਰਜੈਂਸੀ ਮੀਟਿੰਗ ਸੱਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਪਿਛਲੇ ਹਫਤੇ ਹੀ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰਕੇ ਪਾਰਟੀ ਦੇ ਕੰਮ ਕਰਨ ਦੇ ਤਰੀਕੇ ’ਤੇ ਸਵਾਲ ਚੁੱਕੇ ਸਨ। ਉਨ੍ਹਾਂ ਨੇ ਪੰਜਾਬ ਵਿੱਚ ਫ੍ਰੀ ਹੈਂਡ ਮੰਗਿਆ ਸੀ ਅਤੇ ਅਸਤੀਫ਼ੇ ਦੀ ਵੀ ਪੇਸ਼ਕਸ਼ ਕੀਤੀ ਸੀ। ਪਰ ਜਾਖੜ ਨੇ ਹੁਣ ਤੱਕ ਲਿਖਤ ਵਿੱਚ ਆਪਣਾ ਅਹੁਦਾ ਛੱਡਣ ਦੀ ਜਾਣਕਾਰੀ ਨਹੀਂ ਦਿੱਤੀ। ਅਜਿਹੇ ਵਿੱਚ ਨਜ਼ਰਾਂ ਹੁਣ 30 ਸਤੰਬਰ ਨੂੰ ਸੱਦੀ ਗਈ ਪੰਜਾਬ ਬੀਜੇਪੀ ਦੀ ਮੀਟਿੰਗ ’ਤੇ ਟਿਕ ਗਈਆਂ ਹਨ। ਉੱਧਰ ਵਿਰੋਧੀ ਧਿਰ ਵੀ ਜਾਖੜ ਦੇ ਅਸਤੀਫ਼ੇ ’ਤੇ ਤੰਜ ਕੱਸ ਰਿਹਾ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (PUNJAB CONGRESS PRESIDENT AMRINDER SINGH RAJAWARRING) ਨੇ ਜਾਖੜ ਨੇ ਅਸਤੀਫ਼ੇ ਦੀਆਂ ਖਬਰਾਂ ’ਤੇ ਸੋਸ਼ਲ ਮੀਡੀਆ ’ਤੇ ਲਿਖਿਆ ‘Mr. Sunil Jakhar, All the best, where next?’ ਯਾਨੀ ਸੁਨੀਲ ਜਾਖੜ ਨੂੰ ਸ਼ੁੱਭਕਾਮਨਾਵਾਂ ਅਤੇ ਹੁਣ ਅੱਗੇ ਕੀ?
ਜਾਖੜ ਦੇ ਅਸਤੀਫ਼ੇ ਦੀਆਂ ਖ਼ਬਰਾਂ ਵਿਚਾਲੇ ਆਮ ਆਦਮੀ ਪਾਰਟੀ ਦਾ ਵੀ ਬਿਆਨ ਸਾਹਮਣੇ ਆਇਆ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਆਪ ਦੇ ਐੱਮਪੀ ਅਤੇ ਬੁਲਾਰੇ ਮਾਲਵਿੰਦਰ ਸਿੰਘ ਕੰਗ (MALVINDER SINGH KANG) ਨੇ ਕਿਹਾ ਕਿ ਜਾਖੜ ਦੇ ਅਸਤੀਫ਼ੇ ਦੀ ਹਾਲੇ ਪੁਸ਼ਟੀ ਨਹੀਂ ਹੋਈ ਹੈ, ਪਰ ਪੰਜਾਬ ਪੱਖੀ ਸ਼ਖਸ ਬੀਜੇਪੀ ਵਿੱਚ ਜ਼ਿਆਦਾ ਦੇਰ ਨਹੀਂ ਰਹਿ ਸਕਦਾ ਹੈ, ਇਸ ਨੂੰ ਉਹ ਜ਼ਿੰਮੇਵਾਰੀ ਨਾਲ ਕਹਿ ਸਕਦੇ ਹਨ।