India

ਭਾਜਪਾ ਨੇ ਚੰਨੀ ਸਰਕਾਰ ਤੋਂ ਅਸਤੀਫ਼ਾ ਮੰਗਿਆ

‘ਦ ਖਾਲਸ ਬਿਉਰੋ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਿਰੋਜ਼ਪੁਰ ਰੈਲੀ ਨੂੰ ਸੰਬੋਧਨ ਕਰਨ ਲਈ ਨਾ ਪਹੁੰਚੇ ਤਾਂ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੁਰੱਖਿਆ ਨਾ ਦੇਣ ਬਦਲੇ ਚੰਨੀ ਵਜ਼ਾਰਤ ਤੋਂ ਅਸਤੀਫ਼ਾ ਮੰਗ ਲਿਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਚੰਨੀ ਸਰਕਾਰ ਰੈਲੀ ਵਿੱਚ ਹੋਣ ਵਾਲੇ ਇਕੱਠ ਨੂੰ ਦੇਖ ਕੇ ਡਰ ਗਈ ਸੀ, ਜਿਸ ਕਰਕੇ ਸੁਰੱਖਿਆ ਦੇ ਬੰਦੋਬਸਤ ਨਹੀਂ ਕੀਤੇ ਗਏ। ਚੰਨੀ ਸਰਕਾਰ ਨੇ ਇੱਕ ਤਰ੍ਹਾਂ ਨਾਲ ਹੱਥ ਖੜੇ ਕਰ ਦਿੱਤੇ ਹਨ। ਹੁਣ ਚੰਨੀ ਸਰਕਾਰ ਨੂੰ ਬਣੇ ਰਹਿਣ ਦਾ ਕੋਈ ਹੱਕ ਨਹੀਂ ਰਹਿ ਗਿਆ ਹੈ।

ਉਨ੍ਹਾਂ ਨੇ ਬਿਜਲੀ ਗਿਰਾਨੇ ਕੀ ਹਮੇਂ ਭੀ ਜ਼ਿਦ ਹੈ ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਰੋਕਾਂ ਦੇ ਬਾਵਜੂਦ ਲੱਖਾਂ ਦੀ ਗਿਣਤੀ ਵਿੱਚ ਲੋਕ ਆਪਣੇ ਨੇਤਾ ਦੇ ਵਿਚਾਰ ਸੁਣਨ ਲਈ ਪਹੁੰਚੇ ਸਨ ਪਰ ਸੁਰੱਖਿਆ ਦੇ ਅਧੂਰੇ ਪ੍ਰਬੰਧਾਂ ਕਰਕੇ ਰਸਤੇ ਤੋਂ ਵਾਪਸ ਮੁੜਨਾ ਪਿਆ। ਦੂਜੇ ਪਾਸੇ ਵੱਖ-ਵੱਖ ਸ੍ਰੋਤਾਂ ਤੋਂ ਜਾਣਕਾਰੀ ਮਿਲੀ ਹੈ ਕਿ ਪ੍ਰਧਾਨ ਮੰਤਰੀ ਨੂੰ ਆਪਣੀ ਰੈਲੀ ਕਿਸਾਨਾਂ ਦੀ ਮੁਖਾਲਫ਼ਤ ਅਤੇ ਖਰਾਬ ਮੌਸਮ ਕਾਰਨ ਰੱਦ ਕਰਨੀ ਪਈ ਹੈ। ਉਨ੍ਹਾਂ ਨੇ ਆਪਣੇ ਦਾਅਵੇ ਦੀ ਪੁਸ਼ਟੀ ਕਰਨ ਲਈ ਰੈਲੀ ਵਿੱਚ ਪੁੱਜੀਆਂ 12 ਹਜ਼ਾਰ ਬੱਸਾਂ ਅਤੇ ਕਾਰਾਂ ਦੀ ਗਿਣਤੀ ਵੀ ਦੱਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਨੇ ਪਹਿਲਾਂ ਹੀ ਸੰਤਾਪ ਭੋਗਿਆ ਹੈ ਅਤੇ ਹੁਣ ਚੰਨੀ ਸਰਕਾਰ ਦੁਬਾਰਾ ਉਸੇ ਥਾਂ ਧੱਕਣ ਦੀ ਚਾਲ ‘ਤੇ ਆ ਗਈ ਹੈ। ਉਨ੍ਹਾਂ ਨੇ ਰੈਲੀ ਵਿੱਚ ਆਉਣ ਵਾਲੇ ਭਾਜਪਾਈ ਵਰਕਰਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਲਾਠੀਚਾਰਜ ਕਰਨ ਦੇ ਦੋਸ਼ ਵੀ ਲਾਏ ਅਤੇ ਨਾਲ ਹੀ ਪੁਲਿਸ ਅਫ਼ਸਰਾਂ ਨੂੰ ਤਾੜਨਾ ਵੀ ਕੀਤੀ।

ਉਨ੍ਹਾਂ ਨੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਤੰਜ ਕੱਸਦਿਆਂ ਕਿਹਾ ਕਿ ਲੋਕ ਗਾਰੰਟੀਆਂ ਨਹੀਂ, ਪੰਜਾਬ ਵਿੱਚ ਬਦਲਾਅ ਚਾਹੁੰਦੇ ਹਨ ਅਤੇ ਲੋਕਾਂ ਨੇ ਭਾਜਪਾ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ।