‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਇੱਕ ਪਾਰਟੀ ਆਪਣੀ ਵਿਰੋਧੀ ਪਾਰਟੀ ‘ਤੇ ਨਿਸ਼ਾਨਾ ਕੱਸੇ ਅਤੇ ਦੂਜੀ ਪਾਰਟੀ ਉਸਨੂੰ ਮੋੜਵਾਂ ਜਵਾਬ ਨਾ ਦੇਵੇ, ਇਸ ਤਰ੍ਹਾਂ ਹੋਣਾ ਅਸੰਭਵ ਹੈ। ਭਾਜਪਾ ਨੇ ਭਗਵੰਤ ਮਾਨ ਦੇ ਉਸ ਬਿਆਨ ਦਾ ਮੋੜਵਾਂ ਜਵਾਬ ਦਿੱਤਾ ਹੈ ਜਿਸ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਬੀਜੇਪੀ ਉਸਨੂੰ ਖਰੀਦਣਾ ਚਾਹੁੰਦੀ ਹੈ। ਭਾਜਪਾ ਨੇ ਭਗਵੰਤ ਮਾਨ ਦੇ ਇਲਜ਼ਾਮਾਂ ਨੂੰ ਮਨਘੜਤ ਕਰਾਰ ਦਿੱਤਾ ਹੈ।
ਬੀਜੇਪੀ ਲੀਡਰ ਅਨਿਲ ਸਰੀਨ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬਹੁਤ ਹਾਸਾ ਆਇਆ ਕਿ ਕੀ ਸੱਚੀ ਭਗਵੰਤ ਮਾਨ ਨੂੰ ਬੀਜੇਪੀ ਵਾਲਿਆਂ ਨੇ ਫੋਨ ਕੀਤਾ ਸੀ। ਅਸੀਂ ਸਾਰੇ ਇਨ੍ਹਾਂ ਦੀਆਂ ਨੋਟੰਕੀਆਂ ਨੂੰ ਜਾਣਦੇ ਹਾਂ। ਭਗਵੰਤ ਮਾਨ ਨੂੰ ‘ਆਪ’ ਵਿੱਚ ਤਾਂ ਕੋਈ ਪੁੱਛਦਾ ਨਹੀਂ, ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਪਰ ਕੇਜਰੀਵਾਲ ਮੂੰਹ ਨਹੀਂ ਲਾ ਰਿਹਾ। ਭਗਵੰਤ ਮਾਨ ਨੇ ਬੀਜੇਪੀ ਉੱਤੇ ਜੋ ਇਲਜ਼ਾਮ ਲਗਾਇਆ ਹੈ ਉਹ ਬਿਲਕੁਲ ਮਨਘੜਤ ਅਤੇ ਨਿਰਾਧਾਰ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਕੇਜਰੀਵਾਲ ਅੱਗੇ ਆਪਣੀ ਬੁੱਕਤ ਵਧਾਉਣ ਲਈ ਇਲਜ਼ਾਮ ਲਾ ਰਹੇ ਹਨ ਕਿ ਜਾਂ ਤਾਂ ਮੈਨੂੰ ਮੁੱਖ ਮੰਤਰੀ ਵਜੋਂ ਉਮੀਦਵਾਰ ਐਲਾਨੋ ਨਹੀਂ ਤਾਂ ਮੈਂ ਚੱਲਿਆ ਹਾਂ, ਮੈਨੂੰ ਦੂਜੀਆਂ ਪਾਰਟੀਆਂ ਬੁਲਾ ਰਹੀਆਂ ਹਨ। ਇਨ੍ਹਾਂ ਦੇ ਪੱਲੇ ਖਰੀਦਣ ਲਈ ਕੀ ਹੈ। ਆਪ ਨੂੰ ਤਾਂ 117 ਉਮੀਦਵਾਰ ਖੜੇ ਕਰਨ ਵਾਸਤੇ ਨਹੀਂ ਲੱਭ ਰਹੇ। ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਜੋੜ-ਜੋੜ ਕੇ ਤਾਂ ਇਹ ਟਿਕਟਾਂ ਦਿੰਦੇ ਪਏ ਹਨ।