ਬਿਉਰੋ ਰਿਪੋਰਟ : ਬੀਜੇਪੀ ਨੇ ਲੋਕਸਭਾ ਚੋਣਾਂ ਦੇ ਲਈ 195 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਪਹਿਲੀ ਲਿਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 34 ਕੈਬਨਿਟ ਮੰਤਰੀਆਂ ਦਾ ਨਾਂ ਸ਼ਾਮਲ ਹੈ । UP ਦੇ ਲਖੀਮਪੁਰ ਖਿਰੀ ਤੋਂ ਇੱਕ ਵਾਰ ਮੁੜ ਤੋਂ ਅਜੇ ਮਿਸ਼ਰਾ ਟੈਨੀ ਨੂੰ ਬੀਜੇਪੀ ਨੇ ਆਪਣਾ ਉਮੀਦਵਾਰ ਬਣਾਇਆ ਹੈ । ਕਿਸਾਨ ਆਗੂ ਸਵਰਣ ਸਿੰਘ ਪੰਧੇਰ ਨੇ ਕਿਹਾ ਇੱਕ ਪਾਸੇ ਸਰਕਾਰ ਬੈਠ ਕੇ ਕਿਸਾਨਾਂ ਦੀ ਮੰਗਾਂ ਦਾ ਹੱਲ ਚਾਹੁੰਦੀ ਹੈ ਦੂਜੇ ਪਾਸੇ ਕਿਸਾਨਾਂ ਦੇ ਕਾਤਲਾਂ ਨੂੰ ਟਿਕਟ ਦਿੱਤੀ ਗਈ ਹੈ,ਦੇਸ਼ ਦੀ ਜਨਤਾ ਜਵਾਬ ਦੇਵੇਗੀ।
ਉਧਰ ਬੀਜੇਪੀ ਦੀ ਪਹਿਲੀ ਲਿਸਟ ਵਿੱਚ 16 ਸੂਬਿਆਂ ਅਤੇ 2 ਯੂਟੀ ਦੇ ਉਮੀਦਵਾਰ ਦਾ ਨਾਂ ਹੈ। ਪੰਜਾਬ ਤੋਂ ਕਿਸੇ ਉਮੀਦਵਾਰ ਦਾ ਨਾਂ ਤੈਅ ਨਹੀਂ ਕੀਤਾ ਗਿਆ ਹੈ । ਅਕਾਲੀ ਦਲ ਦੇ ਨਾਲ ਗਠਜੋੜ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ । ਉਧਰ ਦਿੱਲੀ ਦੀਆਂ 7 ਸੀਟਾਂ ਵਿੱਚੋ ਬੀਜੇਪੀ ਨੇ 5 ਸੀਟਾਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਜਿੰਨਾਂ ਵਿੱਚੋ 2 ਦੀ ਟਿਕਟ ਕੱਟੀ ਗਈ ਹੈ । 2 ਉਮੀਦਵਾਰਾਂ ਦੇ ਨਾਂ ਦਾ ਐਲਾਨ ਹੋਣਾ ਹੈ । ਉਸ ਵਿੱਚ ਗਾਇਕ ਹੰਸਰਾਜ ਹੰਸ ਦੀ ਉੱਤਰ ਪੱਛਮੀ ਸੀਟ ਵੀ ਸ਼ਾਮਲ ਹੈ । ਦੂਜੀ ਸੀਟ ਪੱਛਮੀ ਦਿੱਲੀ ਹੈ ਜਿੱਥੋਂ ਮੌਜੂਦ ਐੱਮਪੀ ਕ੍ਰਿਕਟਰ ਗੌਤਮ ਗੰਭੀਰ ਨੇ ਅੱਜ ਹੀ ਚੋਣ ਲੜਨ ਤੋਂ ਇਨਕਾਰ ਕੀਤਾ ਹੈ । ਨਵੀਂ ਦਿੱਲੀ ਸੀਟ ਤੋਂ ਬੀਜੇਪੀ ਨੇ ਕੈਬਨਿਟ ਮੰਤਰੀ ਮਿਨਾਕਸ਼ੀ ਲੇਖੀ ਦੀ ਟਿਕਟ ਕੱਟ ਕੇ ਬੀਜੇਪੀ ਦੀ ਦਿਗਜ ਆਗੂ ਰਹੀ ਸੁਸ਼ਮਾ ਸਵਰਾਜ ਦੀ ਧੀ ਬਾਸੁਰੀ ਸਵਰਾਜ ਨੂੰ ਉਮੀਦਵਾਰ ਬਣਾਇਆ ਹੈ । ਚਾਂਦਨੀ ਚੌਕ ਸੀਟ ਤੋਂ ਲਗਾਤਾਰ 2 ਵਾਰ ਜਿੱਤਣ ਵਾਲੇ ਸਾਬਕਾ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਦਨ ਨੂੰ ਟਿਕਟ ਨਹੀਂ ਦਿੱਤੀ ਗਈ ਹੈ । ਉਨ੍ਹਾਂ ਦੀ ਥਾਂ ਪ੍ਰਵੀਣ ਖੰਡੇਲਵਾਲ ਨੂੰ ਟਿਕਟ ਮਿਲੀ ਹੈ। ਇੰਨਾਂ ਦਾ ਪਿਛੋਕੜ ਵਪਾਰੀ ਹੈ। ਹਾਲਾਂਕਿ ਮਿਨਾਕਸ਼ੀ ਲੇਖੀ ਦੀ ਉਮੀਦ ਟੁੱਟੀ ਨਹੀਂ ਹੈ ਪਾਰਟੀ ਉਨ੍ਹਾਂ ਨੂੰ ਇੱਕ ਗੌਤਮ ਗੰਭੀਰ ਦੇ ਹਲਕੇ ਪੱਛਮੀ ਦਿੱਲੀ ਤੋਂ ਉਮੀਦਵਾਰ ਬਣਾ ਸਕਦੀ ਹੈ । ਕਿਉਂਕਿ ਹੰਸਰਾਜ ਹੰਸ ਵਾਲੀ ਸੀਟ ਰਿਜ਼ਰਵ ਹੈ ।
ਬੀਜੇਪੀ ਨੇ ਜਿੰਨਾਂ 195 ਉਮੀਦਵਾਰਾਂ ਦਾ ਐਲਾਨ ਕੀਤਾ ਹੈ ਉਸ ਵਿੱਚ 28 ਔਰਤਾਂ,47 ਨੌਜਵਾਨ,27 SC,18 ST,57 OBC ਉਮੀਦਵਾਰ ਹਨ। ਪਹਿਲੀਂ ਲਿਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਮੁੜ ਤੋਂ ਵਾਰਾਣਸੀ ਤੋਂ ਚੋਣ ਲੜਨਗੇ । ਰਾਜਨਾਥ ਸਿੰਘ ਲਖਨਉ ਅਤੇ ਸਮ੍ਰਿਤੀ ਇਰਾਨੀ ਅਮੇਠੀ ਤੋਂ ਚੋਣ ਲੜਨਗੇ । ਜਦਕਿ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਗਾਂਧੀ ਨਗਰ ਸੀਟ ਤੋਂ ਮੈਦਾਨ ਵਿੱਚ ਉਤਰਨਗੇ ।
ਬੀਜੇਪੀ ਦੀ ਪਹਿਲੀ ਵਿੱਚ ਉੱਤਰ ਪ੍ਰਦੇਸ਼ ਦੇ 51,ਪੱਛਮੀ ਬੰਗਾਲ ਦੇ 20,ਮੱਧ ਪ੍ਰਦੇਸ਼ ਦੇ 24,ਗੁਜਰਾਤ ਤੋਂ 15,ਰਾਜਸਥਾਨ ਤੋਂ 15,ਝਾਰਖੰਡ ਦੇ 11,ਛਤੀਸਗੜਾ ਦੇ 11,ਕੇਰਲ ਦੇ 12,ਤੇਲੰਗਾਨਾ ਦੇ 9,ਅਸਾਮ ਦੇ 11,ਦਿੱਲੀ ਦੇ 5,ਜੰਮੂ-ਕਸ਼ਮੀਰ ਤੋਂ 2,ਉਤਰਾਖੰਡ ਤੋਂ 3,ਅਰੂਣਾਚਲ ਪ੍ਰਦੇਸ਼ ਦੇ 2,ਗੋਵਾ ਦਾ 1,ਤ੍ਰਿਪੁਰਾ 1, ਅੰਡਮਾਨ 1,ਦਮਨ ਦੀਵ ਤੋਂ 1 ਉਮੀਦਵਾਰ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ ।