‘ਦ ਖ਼ਾਲਸ ਬਿਊਰੋ :- ਕਸ਼ਮੀਰ ‘ਚ ਧਾਰਾ 370 ਹਟਾਏ ਜਾਣ ਮਗਰੋਂ ਇਹ ਸਵਾਲ ਉੱਠ ਰਿਹਾ ਹੈ ਕਿ, ‘ਕੀ ਕਸ਼ਮੀਰ ਵਿੱਚ ਤਿੰਰਗਾ ਫਹਿਰਾਉਣਾ ਅਪਰਾਧ ਹੈ। ਖਾਸਕਰ ਸ਼੍ਰੀਨਗਰ ਦੇ ਲਾਲ ਚੌਕ ’ਤੇ ਜਿਥੇ ਸਾਲ 1992 ਤੋਂ ਤਿਰੰਗਾ ਫਹਿਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਅੱਜ ਕਸ਼ਮੀਰ ਪੁਲੀਸ ਨੇ ਭਾਜਪਾ ਕਰਕੁਨਾਂ ਨੂੰ ਇਥੇ ਤਿਰੰਗਾ ਫਹਿਰਾਉਣ ਤੋਂ ਮੁੜ ਰੋਕ ਦਿੱਤਾ।
ਦਰਅਸਨ ਭਾਜਪਾ ਦੇ ਕੁਪਵਾੜਾ ਦੇ ਕੁੱਝ ਕਾਰਕੁਨਾਂ ਨੇ ਲਾਲ ਚੌਕ ’ਤੇ ਤਿਰੰਗਾ ਫਹਿਰਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਸਫ਼ਲ ਨਹੀਂ ਹੋ ਸਕੇ। ਕਸ਼ਮੀਰ ਪੁਲੀਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਪੁਲੀਸ ਅਧਿਕਾਰੀਆਂ ਨੇ ਇਸ ਮਾਮਲੇ ’ਤੇ ਚੁੱਪ ਵੱਟੀ ਹੋਈ ਸੀ। ਉਧਰ, ਭਾਜਪਾ ਕਾਰਕੁਨਾਂ ਨੂੰ ਲਾਲ ਚੌਕ ਵਿੱਚ ਤਿਰੰਗਾ ਫਹਿਰਾਉਣ ਤੋਂ ਰੋਕਣ ਦੀ ਵੀਡੀਓ ਤੇ ਫੋਟੋ ਸ਼ੋਸ਼ਲ ਮੀਡੀਆ ’ਤੇ ਕਾਫ਼ੀ ਦੇਖੀ ਅਤੇ ਸ਼ੇਅਰ ਕੀਤੀ ਜਾ ਰਹੀ ਹੈ। ਪੁਲੀਸ ਨੇ ਤਿੰਨ ਭਾਜਪਾ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਮੁਤਾਬਕ ਉਨ੍ਹਾਂ ’ਤੇ ਸ਼ਾਂਤੀ ਭੰਗ ਕਰਨ ਦਾ ਦੋਸ਼ ਲਾਇਆ ਗਿਆ ਹੈ।
ਪੀਡੀਪੀ ਦੀ ਆਗੂ ਮਹਿਬੂਬਾ ਮੁਫਤੀ ਨੇ ਤਿਰੰਗੇ ਦੇ ਕਥਿਤ ‘ਅਪਮਾਨ’ ਦੇ ਵਿਰੋਧ ਵਿੱਚ ਸੋਮਵਾਰ ਨੂੰ ਵੀ ਭਾਜਪਾ ਕਾਰਕੁਨਾਂ ਨੇ ਪੀਡੀਪੀ ਦਫ਼ਤਰ ਵਿੱਚ ਤਿਰੰਗਾ ਲਹਿਰਾਇਆ ਅਤੇ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ 23 ਅਕਤੂਬਰ ਨੂੰ ਵੀ ਕਈ ਪ੍ਰਦਰਸ਼ਨਕਾਰੀਆ ਨੇ ਦਫ਼ਤਰ ’ਤੇ ਤਿਰੰਗਾ ਲਹਿਰਾਇਆ ਸੀ।