Punjab

ਭਾਜਪਾ ਨੂੰ ਲੈਣਾ ਪੈ ਰਿਹੈ ਕਾਲਜਾਂ ਦਾ ਸਹਾਰਾ

‘ਦ ਖ਼ਾਲਸ ਬਿਊਰੋ :- ਗੁਜਰਾਤ ਦੇ ਭਾਵਨਗਰ ਵਿਖੇ ਇੱਕ ਕਾਲਜ ਪ੍ਰਿੰਸੀਪਲ ਵੱਲੋਂ ਨੋਟਿਸ ਜਾਰੀ ਕਰਕੇ ਵਿਦਿਆਰਥਣਾਂ ਨੂੰ ਭਾਜਪਾ ਵਿੱਚ ਸ਼ਾਮਿਲ ਹੋਣ ਲਈ ਕਿਹਾ ਗਿਆ ਸੀ। ਜਦੋਂ ਇਹ ਨੋਟਿਸ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਤਾਂ ਪ੍ਰਿੰਸੀਪਲ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਭਾਵਨਗਰ ਦੇ ਸ੍ਰੀਮਤੀ ਨਰਮਦਾ ਬਾਈ ਚਤਰਭੁਜ ਗਾਂਧੀ ਮਹਿਲਾ ਕਾਲਜ ਦੀ ਪ੍ਰਿੰਸੀਪਲ ਰਜਨੀ ਬਾਲਾ ਗੋਹਿਲ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਨੋਟਿਸ ਵਿੱਚ ਲਿਖਿਆ ਗਿਆ ਸੀ ਕਿ ਵਿਦਿਆਰਥਣਾਂ ਆਪਣੀ ਪਾਸਪੋਰਟ ਸਾਈਜ਼ ਫੋਟੋ ਅਤੇ ਮੋਬਾਇਲ ਫੋਨ ਕਾਲਜ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਦਿੱਤੀ ਜਾ ਸਕੇ। ਇਹ ਨੋਟਿਸ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਜਿਸ ਤੋਂ ਬਾਅਦ ਕਾਲਜ ਦੇ ਪ੍ਰਸ਼ਾਸਨ ਨੂੰ ਮਹਾਰਾਜ ਕ੍ਰਿਸ਼ਨਕੁਮਾਰਸਿਨਹਾਜੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਵੱਲੋਂ ਸੰਮਨ ਕੀਤਾ ਗਿਆ।

ਯੂਨੀਵਰਸਿਟੀ ਪ੍ਰਸ਼ਾਸਨ ਅੱਗੇ ਪੇਸ਼ ਹੋਣ ਤੋਂ ਪਹਿਲਾਂ ਹੀ ਦੱਸਿਆ ਗਿਆ ਕਿ ਪ੍ਰਿੰਸੀਪਲ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਕਾਲਜ ਟਰੱਸਟ ਦੇ ਮੈਂਬਰ ਧੀਰੇਂਦਰ ਵੇਸਣ ਵੱਲੋਂ ਦੱਸਿਆ ਗਿਆ ਕਿ ਨੈਤਿਕ ਆਧਾਰ ‘ਤੇ ਕਾਲਜ ਪ੍ਰਿੰਸੀਪਲ ਵੱਲੋਂ ਅਸਤੀਫ਼ਾ ਦਿੱਤਾ ਗਿਆ ਹੈ। ਗੁਜਰਾਤ ਵਿੱਚ ਇਸ ਸਾਲ ਦੇ ਅਖੀਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।