India International

AI ਸਮਿਟ ਤੋਂ ਪਿੱਛੇ ਹਟੇ ਬਿਲ ਗੇਟਸ! ਦਿੱਲੀ AI ਸਮਿਟ ’ਚ ਨਹੀਂ ਦੇਣਗੇ ਮੁੱਖ ਭਾਸ਼ਣ

ਬਿਊਰੋ ਰਿਪੋਰਟ (19 ਫਰਵਰੀ, 2026): ਮਾਈਕ੍ਰੋਸਾਫਟ ਦੇ ਕੋ-ਫਾਊਂਡਰ ਬਿਲ ਗੇਟਸ ਨਵੀਂ ਦਿੱਲੀ ਵਿਖੇ ਹੋ ਰਹੀ ‘ਇੰਡੀਆ AI ਇਮਪੈਕਟ ਸਮਿਟ’ ਵਿੱਚ ਆਪਣਾ ਮੁੱਖ ਭਾਸ਼ਣ ਨਹੀਂ ਦੇਣਗੇ। ਗੇਟਸ ਫਾਊਂਡੇਸ਼ਨ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਫੈਸਲਾ ਕਾਫੀ ਸੋਚ-ਵਿਚਾਰ ਤੋਂ ਬਾਅਦ ਲਿਆ ਗਿਆ ਹੈ ਤਾਂ ਜੋ ਸੰਮੇਲਨ ਦਾ ਪੂਰਾ ਧਿਆਨ ਇਸ ਦੀਆਂ ਮੁੱਖ ਤਰਜੀਹਾਂ ’ਤੇ ਬਣਿਆ ਰਹੇ। ਹੁਣ ਉਨ੍ਹਾਂ ਦੀ ਜਗ੍ਹਾ ਫਾਊਂਡੇਸ਼ਨ ਦੇ ਅਫ਼ਰੀਕਾ ਅਤੇ ਭਾਰਤ ਦਫਤਰਾਂ ਦੇ ਪ੍ਰੈਜ਼ੀਡੈਂਟ ਅੰਕੁਰ ਵੋਹਰਾ ਸੰਬੋਧਨ ਕਰਨਗੇ।

ਐਪਸਟਾਈਨ ਕੇਸ ਕਾਰਨ ਵਧਿਆ ਵਿਵਾਦ

ਬਿਲ ਗੇਟਸ ਦੇ ਇਸ ਫੈਸਲੇ ਪਿੱਛੇ ਅਮਰੀਕੀ ਅਪਰਾਧੀ ਜੈਫਰੀ ਐਪਸਟਾਈਨ ਨਾਲ ਜੁੜੇ ਗੁਪਤ ਦਸਤਾਵੇਜ਼ਾਂ ਵਿੱਚ ਉਨ੍ਹਾਂ ਦਾ ਨਾਮ ਸਾਹਮਣੇ ਆਉਣਾ ਦੱਸਿਆ ਜਾ ਰਿਹਾ ਹੈ। ਐਪਸਟਾਈਨ ‘ਤੇ ਨਾਬਾਲਗਾਂ ਦੀ ਤਸਕਰੀ ਅਤੇ ਜਿਨਸੀ ਅਪਰਾਧਾਂ ਦੇ ਗੰਭੀਰ ਦੋਸ਼ ਸਨ। ਹਾਲ ਹੀ ਵਿੱਚ ਜਨਤਕ ਹੋਈਆਂ ਫਾਈਲਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਐਪਸਟਾਈਨ ਅਤੇ ਗੇਟਸ ਦੇ ਸਬੰਧ ਕਾਫੀ ਡੂੰਘੇ ਸਨ। ਹਾਲਾਂਕਿ, ਬਿਲ ਗੇਟਸ ਨੇ ਇੱਕ ਇੰਟਰਵਿਊ ਵਿੱਚ ਇਨ੍ਹਾਂ ਮੁਲਾਕਾਤਾਂ ‘ਤੇ ਪਛਤਾਵਾ ਪ੍ਰਗਟ ਕਰਦਿਆਂ ਮੁਆਫੀ ਵੀ ਮੰਗੀ ਹੈ।

Nvidia ਦੇ CEO ਨੇ ਵੀ ਰੱਦ ਕੀਤਾ ਦੌਰਾ

ਇਸ ਸੰਮੇਲਨ ਵਿੱਚ ਐਨਵੀਡੀਆ (Nvidia) ਦੇ CEO ਜੇਨਸਨ ਹੁਆਂਗ ਨੇ ਵੀ ਆਪਣਾ ਦੌਰਾ ਰੱਦ ਕਰ ਦਿੱਤਾ ਹੈ। ਕਿਆਸ ਲਾਏ ਜਾ ਰਹੇ ਹਨ ਕਿ ਉਨ੍ਹਾਂ ਦੇ ਹਟਣ ਦਾ ਕਾਰਨ ਬਿਲ ਗੇਟਸ ਦੀ ਮੌਜੂਦਗੀ ਹੋ ਸਕਦਾ ਸੀ, ਹਾਲਾਂਕਿ ਕੰਪਨੀ ਨੇ ਕੋਈ ਅਧਿਕਾਰਤ ਕਾਰਨ ਸਾਂਝਾ ਨਹੀਂ ਕੀਤਾ। ਦੱਸਣਯੋਗ ਹੈ ਕਿ ਇਸ ਸਮਿਟ ਵਿੱਚ ਸੁੰਦਰ ਪਿਚਾਈ ਅਤੇ ਸੈਮ ਆਲਟਮੈਨ ਵਰਗੇ ਦਿੱਗਜ ਸ਼ਾਮਲ ਹੋ ਰਹੇ ਹਨ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 16 ਫਰਵਰੀ ਨੂੰ ਇਸ ਵਿਸ਼ਵ ਪੱਧਰੀ ਟੈਕਨਾਲੋਜੀ ਈਵੈਂਟ ਦਾ ਉਦਘਾਟਨ ਕੀਤਾ ਸੀ। ਇਹ ਸਮਿਟ 20 ਫਰਵਰੀ ਤੱਕ ਦਿੱਲੀ ਦੇ ‘ਭਾਰਤ ਮੰਡਪਮ’ ਵਿਖੇ ਚੱਲੇਗੀ। ਇਸ ਦੀ ਥੀਮ ‘ਸਰਵਜਨ ਹਿਤਾਏ, ਸਰਵਜਨ ਸੁਖਾਏ’ ਰੱਖੀ ਗਈ ਹੈ, ਜਿਸ ਵਿੱਚ 110 ਤੋਂ ਵੱਧ ਦੇਸ਼ ਹਿੱਸਾ ਲੈ ਰਹੇ ਹਨ। ਇਹ ਸੰਮੇਲਨ ਮੁੱਖ ਤੌਰ ’ਤੇ ਤਿੰਨ ਸੂਤਰਾਂ – ਲੋਕ (People), ਗ੍ਰਹਿ (Planet) ਅਤੇ ਪ੍ਰਗਤੀ (Progress) ’ਤੇ ਆਧਾਰਿਤ ਹੈ।