‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ 30 ਸਾਲ ਪੁਰਾਣੇ ਸੜਕੀ ਹਿੰਸਾ ਦੇ ਕੇਸ ਵਿੱਚ ਰਾਹਤ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਕੇਸ ਦੀ ਅਗਲੀ ਸੁਣਵਾਈ 25 ਫਰਵਰੀ ਤੱਕ ਅੱਗੇ ਪਾ ਦਿੱਤੀ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਸੁਪਰੀਮ ਕੋਰਟ ਨੇ ਲੋਕ ਇਨਸਾਫ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫਤਾਰੀ ਉੱਤੇ ਇੱਕ ਹਫ਼ਤੇ ਲਈ ਰੋਕ ਲਾ ਦਿੱਤੀ ਸੀ। ਸੁਪਰੀਮ ਕੋਰਟ ਵਿੱਚ ਸਿੱਧੂ ਕੇਸ ਦੀ ਸੁਣਵਾਈ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਵੇਗੀ ਅਤੇ ਉਨ੍ਹਾਂ ਦੀ ਧੌਣ ‘ਤੇ ਅਦਾਲਤ ਦੇ ਸ਼ਿਕੰਜੇ ਦੀ ਲਟਕਦੀ ਤਲਵਾਰ ਟਲ ਗਈ ਹੈ। ਹਾਲੇ ਇੱਕ ਹਫ਼ਤਾ ਪਹਿਲਾਂ ਹੀ ਸੁਪਰੀਮ ਕੋਰਟ ਨੇ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਦੀ 23 ਫਰਵਰੀ ਤੱਕ ਪੇਸ਼ੀ ਜ਼ਮਾਨਤ ਮਨਜ਼ੂਰ ਕਰਦਿਆਂ ਖੁੱਲ੍ਹ ਕੇ ਚੋਣਾਂ ਲੜਨ ਲਈ ਰਾਹ ਪੱਧਰਾ ਕਰ ਦਿੱਤਾ ਸੀ।
ਨਵਜੋਤ ਸਿੰਘ ਸਿੱਧੂ ਉੱਤੇ ਦੋਸ਼ ਹੈ ਕਿ 27 ਦਸੰਬਰ 1988 ਨੂੰ ਉਨ੍ਹਾਂ ਨੇ ਇੱਕ ਗੁਰਨਾਮ ਸਿੰਘ ਨਾਂ ਦੇ ਵਿਅਕਤੀ ਦੀ ਕੁੱਟਮਾਰ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ। ਹੇਠਲੀ ਅਦਾਲਤ ਨੇ ਸਿੱਧੂ ਨੂੰ ਬਰੀ ਕਰ ਦਿੱਤਾ ਪਰ ਹਾਈਕੋਰਟ ਨੇ ਦੋਸ਼ੀ ਮੰਨਦੇ ਹੋਏ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ। ਦੋਹਾਂ ਧਿਰਾਂ ਵਿੱਚ ਝਗੜਾ ਪਾਰਕਿੰਗ ਨੂੰ ਲੈ ਕੇ ਹੋਇਆ ਸੀ। ਪੁਲਿਸ ਅਨੁਸਾਰ ਘਟਨਾ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਪਣੇ ਸਾਥੀਆਂ ਸਮੇਤ ਉੱਥੋਂ ਫਰਾਰ ਹੋ ਗਏ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਸੀ। ਹਾਈਕੋਰਟ ਵੱਲੋਂ ਸਜ਼ਾ 2006 ਵਿੱਚ ਸੁਣਾਈ ਗਈ ਸੀ। ਸਿੱਧੂ ਵੱਲੋਂ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਇਹ ਕਹਿ ਕੇ ਚੁਣੌਤੀ ਦੇ ਦਿੱਤੀ ਗਈ ਕਿ ਗੁਰਨਾਮ ਸਿੰਘ ਦੀ ਮੌਤ ਦਾ ਕਾਰਨ ਅਸਪੱਸ਼ਟ ਸੀ। ਸੁਪਰੀਮ ਕੋਰਟ ਨੇ 30 ਸਾਲਾਂ ਬਾਅਦ ਲੰਘੇ ਕੱਲ੍ਹ ਕੇਸ ਮੁੜ ਤੋਂ ਖੋਲ੍ਹ ਲਿਆ।