Punjab

ਮਜੀਠੀਆ ਦੇ ਹੱਥ ਚੰਨੀ ਦਾ ਕਿਹੜਾ ਵੀਡੀਓ ? ਇਯਾਲੀ ਦੇ ਨਾਲ ਮਜੀਠੀਆ ਨੇ ਦੱਸਿਆ ਆਪਣਾ ਖਾਸ ਰਿਸ਼ਤਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੈਰ ਮੌਜੂਦਗੀ ਵਿੱਚ ਬਿਕਰਮ ਸਿੰਘ ਮਜੀਠੀਆ ਵੱਲੋਂ ਅੱਜ ਸਿਆਸੀ ਸ਼ਕਤੀ ਪ੍ਰਦਰਸ਼ਨ ਵਿਖਾਇਆ ਗਿਆ ਹੈ। ਮਜੀਠੀਆ ਨੇ ਪਾਰਟੀ ਵਰਕਰਾਂ ਨਾਲ ਚੰਡੀਗੜ੍ਹ ਤੋਂ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ ਅਤੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਮਜੀਠੀਆ ਦਾ ਕਾਫਲਾ ਅੰਮ੍ਰਿਤਸਰ ਵੱਲ ਵੱਧ ਗਿਆ।

ਰੋਡ ਸ਼ੋਅ ਤੋਂ ਪਹਿਲਾਂ ਮਜੀਠੀਆ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਘੇਰਦਿਆਂ ਉਨ੍ਹਾਂ ਦੀ ਇੱਕ ਵੀਡੀਓ ਦਾ ਜ਼ਿਕਰ ਕਰਕੇ ਸਿਆਸਤ ਨੂੰ ਹੋਰ ਭਖਾ ਦਿੱਤਾ ਹੈ। ਉਨ੍ਹਾਂ ਨੇ ਤੰਜ ਕਸਦਿਆਂ ਕਿਹਾ ਕਿ ਉਹ ਜੇਲ੍ਹ ਤੋਂ ਬਾਹਰ ਆ ਗਏ ਹਨ ਪਰ ਚੰਨੀ ਵਿਦੇਸ਼ ਤੋਂ ਵਾਪਸ ਨਹੀਂ ਆਏ। ਪੰਜਾਬ ਦੇ ਲੋਕ ਪੁੱਛ ਰਹੇ ਹਨ ਕਿ ‘ਛੱਲਾ ਮੁੜ ਕੇ ਨਹੀਂ ਆਇਆ’।

ਮਜੀਠੀਆ ਨੇ ਕਿਹਾ ਕਿ ਉਹ ਇੰਤਜ਼ਾਰ ਕਰ ਰਹੇ ਹਨ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਪਸ ਆਉਣ ਅਤੇ ਉਹ ਚੰਨੀ ਦਾ ਇੱਕ ਵੀਡੀਓ ਜਾਰੀ ਕਰਨ। ਪੱਤਰਕਾਰ ਨੇ ਵੀਡੀਓ ਬਾਰੇ ਪੁੱਛਿਆ ਤਾਂ ਮਜੀਠੀਆ ਨੇ ਕਿਹਾ ਕਿ ਜਦੋਂ ਚੰਨੀ ਵਿਦੇਸ਼ ਤੋਂ ਵਾਪਸ ਆਉਣਗੇ ਤਾਂ ਉਹ ਵੀਡੀਓ ਰਿਲੀਜ਼ ਕਰਨਗੇ। ਜੇਲ੍ਹ ਜਾਣ ਤੋਂ ਪਹਿਲਾਂ ਵੀ ਮਜੀਠੀਆ ਨੇ ਚੰਨੀ ਦੇ ਹਲਕੇ ਦਾ ਇੱਕ ਵੀਡੀਓ ਜਾਰੀ ਕਰਦੇ ਹੋਏ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਭਤੀਜਾ ਹਨੀ ਪੂਰੇ ਰੋਪੜ ਇਲਾਕੇ ਵਿੱਚ ਗੈਰ ਕਾਨੂੰਨੀ ਮਾਇਨਿੰਗ ਦਾ ਧੰਦਾ ਚਲਾ ਰਿਹਾ ਹੈ।

ਮਜੀਠੀਆ ਨੂੰ ਜਦੋਂ ਪਟਿਆਲਾ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਹੱਸ ਕੇ ਕਿਹਾ ਕਿ ਬਹੁਤ ਚੰਗੇ ਹਨ।

ਮਜੀਠੀਆ ਨੇ ਪਾਰਟੀ ਦੇ ਬਾਗੀ ਵਿਧਾਇਕ ਮਨਪ੍ਰੀਤ ਇਯਾਲੀ ਨੂੰ ਲੈ ਕੇ ਵੀ ਅਹਿਮ ਬਿਆਨ ਦਿੰਦਿਆਂ ਕਿਹਾ ਕਿ ਮਨਪ੍ਰੀਤ ਇਯਾਲੀ ਨਾਲ ਉਨ੍ਹਾਂ ਦੇ ਸਿਆਸਤ ਤੋਂ ਵੱਧ ਪਰਿਵਾਰਕ ਰਿਸ਼ਤੇ ਹਨ। ਉਨ੍ਹਾਂ ਦੇ ਨਾਲ ਗੱਲ ਕੀਤੀ ਜਾਵੇਗੀ। ਉਨ੍ਹਾਂ ਨੇ ਮੰਨਿਆ ਕਿ ਇਯਾਲੀ ਦੀ ਬਿਆਨਬਾਜ਼ੀ ਨਾਲ ਉਨ੍ਹਾਂ ਨੂੰ ਦੁੱਖ ਜ਼ਰੂਰ ਹੋਇਆ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਸਭ ਕੁਝ ਠੀਕ ਕਰ ਲਿਆ ਜਾਵੇਗਾ। ਦਾਖਾ ਜ਼ਿਮਨੀ ਚੋਣ ਦੌਰਾਨ ਜਦੋਂ ਮਨਪ੍ਰੀਤ ਇਯਾਲੀ ਜਿੱਤੇ ਸਨ ਤਾਂ ਉਨ੍ਹਾਂ ਨੇ ਆਪਣੀ ਜਿੱਤ ਦਾ ਸਿਹਰਾ ਮਜੀਠੀਆ ਨੂੰ ਦਿੱਤਾ ਸੀ।

ਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜਿਸ ਤਰ੍ਹਾਂ ਨਾਲ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬੀਬੀ ਜਗੀਰ ਕੌਰ ਵਰਗੀਆਂ ਬਾਗ਼ੀ ਅਵਾਜ਼ਾਂ ਹੁਣ ਸ਼ਾਂਤ ਹੋਈਆਂ ਹਨ, ਉਮੀਦ ਹੈ ਕਿ ਮਨਪ੍ਰੀਤ ਇਯਾਲੀ ਵੀ ਘਰ ਵਾਪਸੀ ਕਰ ਸਕਦੇ ਹਨ। ਇਸ ਦੇ ਸੰਕੇਤ ਵਲਟੋਹਾ ਦੇ ਬਿਆਨਾਂ ਤੋਂ ਵੀ ਮਿਲ ਰਹੇ ਹਨ, ਜਿਨ੍ਹਾਂ ਨੇ ਪਹਿਲਾਂ ਇਯਾਲੀ ‘ਤੇ ਬੀਜੇਪੀ ਨਾਲ ਮਿਲਕੇ  ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦਾ ਇਲਜ਼ਾਮ ਲਗਾਇਆ ਸੀ ਪਰ ਬਾਅਦ ਵਿੱਚ ਉਨ੍ਹਾਂ  ਨੇ U-Turn ਲੈ ਲਿਆ।