ਬਿਉਰੋ ਰਿਪੋਰਟ – ਸ੍ਰੀ ਅਕਾਲ ਤਖਤ ਦੇ ਜਥੇਦਾਰ (SRI AKAL TAKHAT) ਵੱਲੋਂ ਜਾਰੀ ਆਦੇਸ਼ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਵਿੱਚ ਮੰਤਰੀ ਰਹੇ ਬਿਕਰਮ ਸਿੰਘ ਮਜੀਠੀਆ ਨੇ ਵੀ ਆਪਣਾ ਸਪੱਸ਼ਟੀਕਰਨ ਜਥੇਦਾਰ ਰਘਬੀਰ ਸਿੰਘ (JATHEDAR RAGHUBIR SINGH) ਨੂੰ ਸੌਂਪ ਦਿੱਤਾ ਹੈ । ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਅਤੇ ਹੋਰ ਸਾਬਕਾ ਮੰਤਰੀਆਂ ਨੇ ਵੀ ਆਪਣਾ ਲਿਖਿਤ ਜਵਾਬ ਦਿੱਤਾ ਸੀ । ਮਜੀਠੀਆ ਨੇ ਕਿਹਾ ਮੈਂ ਆਪਣੇ ਪੱਖ ਵਿੱਚ ਕੋਈ ਦਲੀਲ ਨਹੀਂ ਦਿੱਤੀ ਹੈ ਗੁਰੂ ਸਾਹਿਬ ਜਾਨੀ ਜਾਨ ਹਨ ਜੋ ਤਖਤ ਸਾਹਿਬ ਤੋਂ ਆਦੇਸ਼ ਹੋਵੇਗਾ ਉਹ ਮੈਨੂੰ ਮਨਜ਼ੂਰ ਹੋਵੇਗਾ ।
ਮਜੀਠੀਆ ਨੇ ਇਸ ਦੌਰਾਨ ਬਾਗ਼ੀ ਧੜੇ ਨੂੰ ਨਸੀਹਤ ਦਿੰਦੇ ਹੋਏ ਕਿਹਾ ਆਪਣਾ ਸਪੱਸ਼ਟੀਕਰਨ ਦੇਣ ਵੇਲੇ ਤੁਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ‘ਤੇ ਆਉਣਾ ਹੈ ਕੋਈ ਚੁਸਤ ਚਲਾਕਿਆਂ ਨਾ ਕਰਨਾ,ਢਹਿ ਢੇਰੀ ਹੋ ਜਾਣਾ । ਜੇਕਰ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਗੁਰੂ ਸਾਹਿਬ ਆਪ ਫੈਸਲਾ ਕਰਨਗੇ ।
30 ਅਗਸਤ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਸੀ ਅਤੇ 2007 ਤੋਂ 2017 ਤੱਕ ਅਕਾਲੀ ਦਲ ਦੀ ਸਰਕਾਰ ਵਿੱਚ ਸਿੱਖ ਮੰਤਰੀਆਂ ਨੂੰ ਤਲਬ ਕੀਤਾ ਗਿਆ ਸੀ । ਅਗਲੇ ਦਿਨ 31 ਅਗਸਤ ਨੂੰ ਸੁਖਬੀਰ ਸਿੰਘ ਬਾਦਲ ਲਿਖਿਤ ਪੱਤਰ ਦੇ ਰਾਹੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਮਣੇ ਪੇਸ਼ ਹੋਏ ਅਤੇ ਬੇਨਤੀ ਕੀਤੀ ਕਿ ਉਹ ਜਲਦ ਤੋਂ ਜਲਦ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਬੁਲਾਕੇ ਜੋ ਆਦੇਸ਼ ਜਾਰੀ ਕਰਨਗੇ ਉਹ ਕਬੂਲ ਹੋਵੇਗਾ । ਉਨ੍ਹਾਂ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਾਣੀਕੇ,ਦਲਜੀਤ ਸਿੰਘ ਚੀਮਾ,ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਵੀ ਸਪੱਸ਼ਟੀਕਰਨ ਦਿੱਤਾ ਸੀ । ਹੁਣ ਵੀ ਅਕਾਲੀ ਦਲ ਦੀ ਸਰਕਾਰ ਵੇਲੇ ਅਜਿਹੇ ਕਈ ਮੰਤਰੀ ਹਨ ਜਿੰਨਾਂ ਨੂੰ 15 ਸਤੰਬਤ ਤੱਕ ਆਪਣਾ ਸਪੱਸ਼ਟੀਕਰਨ ਦੇਣਾ ਹੈ ।
ਸੁਖਬੀਰ ਸਿੰਘ ਬਾਦਲ ਵੱਲੋਂ ਸਜ਼ਾ ਤੋਂ ਇੱਕ ਦਿਨ ਪਹਿਲਾਂ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਥਾਪਿਆ ਸੀ । ਪਰ ਵਿਰੋਧੀ ਧੜੇ ਨੇ ਇਲਜ਼ਾਮ ਲਗਾਇਆ ਸੀ ਕਿ ਅਕਾਲੀ ਦਲ ਦਾ ਪ੍ਰਧਾਨ ਤਖਨਖਾਹੀਆ ਕਿਵੇਂ ਹੋ ਸਕਦਾ ਹੈ,ਸੁਖਬੀਰ ਸਿੰਘ ਬਾਦਲ ਨੂੰ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣਾ ਚਾਹੀਦਾ ਸੀ । ਇਸ ਤੋਂ ਬਾਅਦ ਦੋਵਾਂ ਪਾਸੇ ਤੋਂ ਤਿੱਖੇ ਬਿਆਨ ਸਾਹਮਣੇ ਆਉਣ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਦੋਵੇ ਅਕਾਲੀ ਧੜਿਆਂ ਨੂੰ ਫੈਸਲੇ ਤੱਕ ਕੋਈ ਵੀ ਬਿਆਨਬਾਜ਼ੀ ਤੋਂ ਬਚਣ ਦੀ ਨਸੀਹਤ ਦਿੱਤੀ ਅਤੇ ਚਿਤਾਵਨੀ ਦਿੱਤੀ ਜੇਕਰ ਫਿਰ ਵੀ ਉਲੰਘਣਾ ਹੋਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ।