ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਭਾ ਜੇਲ੍ਹ (ਨਵੀਂ ਨਾਭਾ ਜੇਲ੍ਹ, ਪਟਿਆਲਾ) ਤੋਂ ਬਾਹਰ ਆ ਗਏ ਹਨ। ਉਹ 25 ਜੂਨ 2025 ਤੋਂ ਆਮਦਨ ਤੋਂ ਵੱਧ ਜਾਇਦਾਦ (ਡਿਸਪ੍ਰੋਪੋਰਸ਼ਨੇਟ ਅਸੈਟਸ) ਦੇ ਮਾਮਲੇ ਵਿੱਚ ਬੰਦ ਸਨ, ਜਿਸ ਵਿੱਚ ਲਗਭਗ 540-700 ਕਰੋੜ ਰੁਪਏ ਦੀ ਜਾਇਦਾਦ ਦਾ ਦੋਸ਼ ਸੀ। ਪੰਜਾਬ ਵਿਜੀਲੈਂਸ ਬਿਊਰੋ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਵਿਖੇ ਗ੍ਰਿਫਤਾਰ ਕੀਤਾ ਸੀ ਅਤੇ ਉਹ ਲਗਭਗ 7 ਮਹੀਨੇ (224 ਦਿਨ) ਜੇਲ੍ਹ ਵਿੱਚ ਰਹੇ।
ਕੱਲ੍ਹ (2 ਫਰਵਰੀ 2026) ਨੂੰ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਬੇਲ ਮਨਜ਼ੂਰ ਕੀਤੀ। ਅਦਾਲਤ ਨੇ ਉਨ੍ਹਾਂ ਦੀ ਲੰਮੀ ਕਸਟਡੀ, ਚਾਰਜਸ਼ੀਟ ਦਾਖਲ ਹੋਣ ਅਤੇ ਹੋਰ ਕਾਰਨਾਂ ਨੂੰ ਵੇਖਦੇ ਹੋਏ ਬਿਨਾਂ ਸ਼ਰਤ ਜ਼ਮਾਨਤ ਦਿੱਤੀ। ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਾਉਣ ਦੀ ਮੰਗ ਵੀ ਖਾਰਜ ਕਰ ਦਿੱਤੀ ਗਈ। ਅੱਜ (3 ਫਰਵਰੀ 2026) ਸਵੇਰੇ ਫਾਰਮੈਲਿਟੀਆਂ ਪੂਰੀਆਂ ਹੋਣ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆਏ। ਰਿਹਾਈ ‘ਤੇ ਵੱਡੀ ਗਿਣਤੀ ਵਿੱਚ ਸਮਰਥਕ ਅਤੇ ਅਕਾਲੀ ਵਰਕਰ ਮੌਜੂਦ ਸਨ, ਜਿਨ੍ਹਾਂ ਨੇ ਢੋਲ-ਨਗਾੜੇ ਵਜਾਏ ਅਤੇ ਜਸ਼ਨ ਮਨਾਇਆ।
ਮਜੀਠੀਆ ਨੇ ਅੱਜ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਤੇ ਉਨ੍ਹਾਂ ਦੀ ਰਿਹਾਈ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰਾਂ ਤਾਂ ਚਾਹੁੰਦੀਆਂ ਸਨ ਕਿ ਇਹ ਜਿਊਂਦਾ ਬਾਹਰ ਹੀ ਨਾ ਆਵੇ, ਪਰ ਪ੍ਰਮਾਤਮਾ ਦੀ ਮੇਹਰ ਸਦਕਾ ਅੱਜ ਉਹ ਤੁਹਾਡੇ ਵਿਚਕਾਰ ਹਨ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਇਨ੍ਹਾਂ ਦਿਨਾਂ ਦੌਰਾਨ ਜੋ ਉਨ੍ਹਾਂ ਨੂੰ ਬਲ ਬਖਸ਼ਿਆ, ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿੰਨਾ ਸਰਕਾਰ ਮੈਨੂੰ ਦੱਬਦੀ ਸੀ, ਓਨਾ ਮੇਰਾ ਵਾਹਿਗੁਰੂ ਮੈਨੂੰ ਬਲ ਬਖਸ਼ਦਾ ਸੀ ਕਿ ਦਿੱਲੀ ਦੇ ਹੁਕਮਰਨਾਮਾਂ ਨਾਲ ਇੱਟ ਨਾਲ ਇੱਟ ਖੜਕਾਉਣੀ ਹੈੈ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ਵਿਚ ਰਹਿ ਕੇ ਵੀ ਬਾਹਰ ਕੀ ਹੋ ਰਿਹਾ ਹੈ, ਉਨ੍ਹਾਂ ਮਜ਼ਾਕੀਆ ਲਹਿਜ਼ੇ ਵਿਚ ਕਿਹਾ ਕਿ ਉਨ੍ਹਾਂ ਦੇ ਵੀ ਸੂਤਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਉਨ੍ਹਾਂ ਨੂੰ ਜੇਲ੍ਹ ਵਿਚ ਮਿਲਣ ਨਹੀਂ ਆਉਣ ਦਿੱਤਾ ਗਿਆ, ਜੇਲ੍ਹ ਵਿਚ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਹੋਈ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਸੀ ਕਿ ਉਨ੍ਹਾਂ ਉਤੇ ਇਕ ਹੋਰ ਪਰਚਾ ਪੈ ਗਿਆ ਤਾਂ ਉਨ੍ਹਾਂ ਨੂੰ ਚਾਅ ਚੜ੍ਹ ਜਾਂਦਾ ਸੀ, ਪਰ ਉਹ ਭਗਵੰਤ ਮਾਨ ਨੂੰ ਕਹਿ ਦੇਣਾ ਚਾਹੁੰਦੇ ਹਨ ਕਿ ਨਾ ਤਾਂ ਉਹ ਕਦੇ ਝੁਕੇ ਹਨ ਤੇ ਨਾ ਝੁਕਣਗੇ। ਸੀਨੀਅਰ ਅਕਾਲੀ ਨੇਤਾ ਨੇ ਕਿਹਾ ਕਿ ਅੱਧੀ ਆਪ ਸਰਕਾਰ ਤਾਂ ਉਨ੍ਹਾਂ ਦੇ ਨਾਲ ਹੀ ਹੈ।
ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਕਾਗਜ਼ੀ ਕਾਰਵਾਈ ਪੂਰੀ ਹੋਈ। ਰਿਹਾਈ ਤੋਂ ਬਾਅਦ ਮਜੀਠੀਆ ਪਟਿਆਲਾ ਵਿੱਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਗੇ ਅਤੇ ਫਿਰ ਅੰਮ੍ਰਿਤਸਰ ਜਾਂ ਚੰਡੀਗੜ੍ਹ ਜਾ ਸਕਦੇ ਹਨ। ਉਨ੍ਹਾਂ ਦੇ ਅੰਮ੍ਰਿਤਸਰ ਘਰ ਪਹੁੰਚਣ ਲਈ ਵੱਡੀਆਂ ਤਿਆਰੀਆਂ ਹਨ। ਇਸ ਰਿਹਾਈ ਨਾਲ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚ ਗਈ ਹੈ ਅਤੇ ਅਕਾਲੀ ਦਲ ਇਸ ਨੂੰ ਸੱਚ ਦੀ ਜਿੱਤ ਦੱਸ ਰਿਹਾ ਹੈ।

