Punjab

ਬਿਕਰਮ ਸਿੰਘ ਮਜੀਠੀਆ ਨੇ IG ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਕਾਰਗੁਜ਼ਾਰੀ ‘ਤੇ ਚੁੱਕੇ ਸਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਕੈਪਟਨ ਸਰਕਾਰ ਦੀਆਂ ਨਾਕਾਮੀਆਂ, ਹਸਪਤਾਲਾਂ ‘ਚ ਆਕਸੀਜਨ ਅਤੇ ਸਿਹਤ ਸਹੂਲਤਾਂ ਦੀ ਘਾਟ, ਕਰੋਨਾ ਪ੍ਰਸਾਰ ਕਾਰਨ ਵੱਧ ਰਹੀ ਮੌਤ ਦਰ ਅਤੇ ਬੇਅਦਬੀ ਦੇ ਮੁੱਦੇ ਦਾ ਸਿਆਸੀਕਰਨ ਕੀਤੇ ਜਾਣ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆਂ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ‘ਮੌਜੂਦਾ ਕਾਂਗਰਸ ਸਰਕਾਰ ਸੂਬੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਬਜਾਏ, ਹਰੇਕ ਗੱਲ ਨੂੰ ‘ਬਲੇਮ ਗੇਮ’ ‘ਚ ਬਦਲਣ ‘ਚ ਵਿਅਸਤ ਹੈ। ਕੈਪਟਨ ਸਰਕਾਰ ਨੂੰ ਲੋਕਾਂ ਨੇ ਇੱਕ ਜ਼ਿੰਮੇਵਾਰੀ ਦਿੱਤੀ ਸੀ ਪਰ ਅੱਜ ਕਾਂਗਰਸ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ। ਕਾਂਗਰਸ ਪਾਰਟੀ ਲੋਕਾਂ ਲਈ ਆਕਸੀਜਨ ਦਾ ਪ੍ਰਬੰਧ ਨਹੀਂ ਕਰ ਪਾ ਰਹੀ। ਕੈਪਟਨ ਆਪਣੇ ਆਲੀਸ਼ਾਨ ਫਾਰਮ ਹਾਊਸ ਵਿੱਚੋਂ ਨਿਕਲਦੇ ਨਹੀਂ ਅਤੇ ਉਨ੍ਹਾਂ ਦੇ ਮੰਤਰੀ ਦਿਸਦੇ ਨਹੀਂ’।

ਮਜੀਠੀਆ ਨੇ ਕਿਹਾ ਕਿ ‘ਬੇਅਦਬੀ ਮਾਮਲਿਆਂ ਦੀ ਜਾਂਚ ਲਈ ਕੈਪਟਨ ਸਰਕਾਰ ਨੇ ਐੱਸਆਈਟੀ ਬਣਾਈ ਸੀ, ਸ਼੍ਰੋਮਣੀ ਅਕਾਲੀ ਦਲ ਨੇ ਨਹੀਂ ਬਣਾਈ ਸੀ। ਸਾਰਿਆਂ ਨੂੰ ਪਤਾ ਹੈ ਕਿ ਜੋ ਚਾਰਜਸ਼ੀਟ ਦਾਇਰ ਹੋਈ ਸੀ, ਇਸਨੂੰ ਤਿਆਰ ਕਰਨ ਵਿੱਚ ਨਵਜੋਤ ਸਿੰਘ ਸਿੱਧੂ ਵੀ ਸ਼ਾਮਿਲ ਸੀ। ਕਾਂਗਰਸ ਸਰਕਾਰ ਨੇ ਅਜੇ ਤੱਕ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਦੀ ਸੱਚਾਈ ਨੂੰ ਸਾਹਮਣੇ ਨਹੀਂ ਲਿਆਂਦਾ। ਕਾਂਗਰਸ ਨੇ ਇਸ ਮਾਮਲੇ ਵਿੱਚ ਸਾਰਾ ਕੁੱਝ ਆਪਣੀ ਮਰਜ਼ੀ ਦੇ ਮੁਤਾਬਕ ਕੀਤਾ ਹੈ। ਪਰਮਾਤਮਾ ਆਪਣੇ ਤਰੀਕੇ ਦੇ ਨਾਲ ਇਨਸਾਫ ਕਰੇਗਾ’।

ਮਜੀਠੀਆ ਨੇ ਕਿਹਾ ਕਿ ‘ਕੈਪਟਨ ਨੇ ਚਾਰ ਸਾਲਾਂ ਵਿੱਚ ਕੋਈ ਕੰਮ ਨਹੀਂ ਕੀਤਾ’। ਮਜੀਠੀਆ ਨੇ ਪੰਜਾਬ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਪੰਜਾਬ ਪੁਲਿਸ ਵਿੱਚ ਅਫਸਰਾਂ ਦੀ ਕੋਈ ਘਾਟ ਨਹੀਂ ਹੈ ਪਰ ਫਿਰ ਵੀ ਇਸ ਮਾਮਲੇ ਦੀ ਜਾਂਚ ਲਈ ਇਹੋ ਜਿਹਾ ਅਫਸਰ ਚੁਣਿਆ ਗਿਆ। ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਤਾਂ ਚਾਰਜਸ਼ੀਟ ਤਿਆਰ ਹੀ ਨਹੀਂ ਕੀਤੀ ਸੀ, ਸਿਰਫ ਘੁੱਗੀ ਚਿੱਤ ਹੀ ਕੀਤਾ ਸੀ। ਬੇਅਦਬੀ ਮਾਮਲੇ ਵਿੱਚ 11 ਬੰਦੇ ਸੀ ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਉਨ੍ਹਾਂ ਵਿੱਚੋਂ 7 ਬੰਦਿਆਂ ਨੂੰ ਮਾਮਲੇ ਵਿੱਚੋਂ ਕੱਢ ਦਿੱਤਾ’।