ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਦੇ ਵਿਧਾਨ ਸਭਾ ਸੈਸ਼ਨ ਰੱਦ ਕਰਨ ਦੇ ਫੈਸਲੇ ਨੂੰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਠੀਕ ਦਸਿਆ ਹੈ । ਉਹਨਾਂ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਕਿਹਾ ਹੈ ਕਿ ਸੈਸ਼ਨ ਨੂੰ ਬੁਲਾਏ ਜਾਣ ਦਾ ਇੱਕ ਮਕਸਦ ਸੀ। ਪੰਜਾਬ ਵਾਪਸ ਆਉਂਦੇ ਹੀ ਮੁੱਖ ਮੰਤਰੀ ਪੰਜਾਬ ਨੇ ਵਿਧਾਨ ਸਭਾ ਸੈਸ਼ਨ ਸੱਦਣ ਦਾ ਐਲਾਨ ਕਰ ਦਿੱਤਾ। ਇਹਨਾਂ ਕੋਲ 92 ਐਮਐਲਏ ਹਨ,ਫਿਰ ਇਹਨਾਂ ਨੂੰ ਡਰ ਕਿਹਦਾ ਹੈ?
ਮਜੀਠੀਆ ਨੇ ਕਿਹਾ ਹੈ ਕਿ ਹੋਰ ਬਹੁਤ ਸਾਰੇ ਭੱਖਦੇ ਹੋਏ ਮਸਲੇ ਹਨ,ਮੀਤ ਹੇਅਰ ਦੀ ਕੋਠੀ ਅੱਗੇ ਆਪਣਾ ਹੱਕ ਮੰਗਣ ਵਾਲੇ ਅਧਿਆਪਕਾਂ ਤੇ ਬੇਰਹਿਮੀ ਨਾਲ ਲਾਠੀਆਂ ਵਰਾਈਆਂ ਗਈਆਂ,ਕਿਸੇ ਨੇ ਵੀ ਸੈਸ਼ਨ ਸੱਦਣ ਦੀ ਗੱਲ ਨਹੀਂ ਕੀਤੀ ਹੈ ।
ਉਹਨਾਂ ਇਹ ਵੀ ਕਿਹਾ ਕਿ 14 ਸਤੰਬਰ ਨੂੰ ਹਰਪਾਲ ਚੀਮਾ,ਆਪ ਵਿਧਾਇਕਾਂ ਨੂੰ ਖਰੀਦਣ ਦਾ ਇਲਜ਼ਾਮ ਲਗਾ ਕੇ ਐਫਆਈਆਰ ਦਰਜ ਕਰਵਾਈ ਸੀ ਪਰ ਉਹ ਕਿਸੇ ਨੂੰ ਵੀ ਨਹੀਂ ਮਿਲੀ।ਸੱਚ ਨੂੰ ਸਾਹਮਣੇ ਲਿਆਂਦਾ ਜਾਵੇ,ਜੇਕਰ ਆਪ ਲੀਡਰਾਂ ਦੇ ਇਲਜ਼ਾਮ ਸੱਚੇ ਹਨ ਤਾਂ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਜੇਕਰ ਇਹ ਝੂੱਠ ਬੋਲ ਰਹੇ ਹਨ ਤਾਂ ਇਹਨਾਂ ਤੇ ਕਾਰਵਾਈ ਹੋਵੇ।

ਉਹਨਾਂ ਅੱਗੇ ਕਿਹਾ ਕਿ 92 ਐਮਐਲਏ ਵਿੱਚੋਂ ਕਿਸੇ ਨੇ ਵੀ ਬੇਭਰੋਸਗੀ ਮਤੇ ਲਈ ਚਿੱਠੀ ਨਹੀਂ ਲਿਖੀ ਤੇ ਨਾ ਹੀ ਵਿਰੋਧੀ ਧਿਰ ਨੇ ਕੋਈ ਅਜਿਹੀ ਮੰਗ ਕੀਤੀ।ਜੇਕਰ ਫਿਰ ਵੀ ਮੁੱਖ ਮੰਤਰੀ ਮਾਨ ਆਪਣਾ ਬਹੁਮਤ ਸਿੱਧ ਕਰਨਾ ਚਾਹੁੰਦੇ ਹਨ ਤਾਂ ਅਸਤੀਫਾ ਦੇ ਕੇ ਵਿਧਾਨ ਸਭਾ ਭੰਗ ਕਰਵਾਉਣ ਤੇ ਦੋਬਾਰਾ ਪੰਜਾਬ ਵਿੱਚ ਵੋਟਾਂ ਕਰਵਾਉਣ। ਪੰਜਾਬ ਦੇ ਲੋਕਾਂ ਨੇ ਆਪਣੇ ਆਪ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਾ ਹੈ।
ਉਹਨਾਂ ਕਿਹਾ ਕਿ ਉਹਨਾਂ ਪਹਿਲਾਂ ਹੀ ਦੱਸਿਆ ਸੀ ਕਿ ਭਗਵੰਤ ਮਾਨ ਜਲਦੀ ਹੀ ਨਵਾਂ ਸੈਸ਼ਨ ਸੱਦਣਗੇ। ਉਹਨਾਂ ਕਿਹਾ ਕਿ ਜੇਕਰ ਸੈਸ਼ਨ ਸੱਦਣਾ ਹੀ ਸੀ ਤਾਂ ਬੀਐਮਡਬਲਿਊ ਜਾਂ ਆਪਣੇ ਤੇ ਲੱਗੇ ਸ਼ਰਾਬ ਪੀਣ ਦੇ ਇਲਜ਼ਾਮਾਂ ਬਾਰੇ ਹੀ ਰੱਖ ਲੈਂਦੇ। ਇਸ ਮਾਮਲੇ ਦੀ ਵੀ ਜਾਂਚ ਹੋ ਜਾਣੀ ਚਾਹੀਦੀ ਹੈ।
ਸਾਬਕਾ ਕੈਬਨਿਟ ਮੰਤਰੀ ਵਿਜੇ ਸਿੰਗਲਾ ਦੀ ਆਪ ਆਗੂ ਤੇ ਦਿੱਲੀ ਦੇ ਗ੍ਰਹਿਮੰਤਰੀ ਮਨੀਸ਼ ਸਿਸੋਦੀਆ ਨਾਲ ਫੋਟੋ ਦਿਖਾਉਂਦੇ ਹੋਏ ਉਹਨਾਂ ਕਿਹਾ ਕਿ ਜੇਕਰ ਇਹ ਲੀਡਰ ਏਨਾ ਭ੍ਰਿਸ਼ਟ ਹੈ ਤਾਂ ਇਹ ਆਪ ਦੇ ਵੱਡੇ ਲੀਡਰਾਂ ਨਾਲ ਕੀ ਕਰ ਰਿਹਾ ਹੈ ? ਜਦੋਂ ਕਿ ਪੰਜਾਬ ਵਿੱਚ ਇਸ ਨੂੰ ਪਾਰਟੀ ਨੂੰ ਕੱਢਣ ਨੂੰ ਫਿਰਦੇ ਹਨ।

ਆਪ ਵਿਧਾਇਕਾਂ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਸਬੰਧੀ ਬੋਲਦਿਆਂ ਕਿਹਾ ਹੈ ਕਿ ਜਿਸ ਥਾਣੇ ਵਿੱਚ ਮੇਰੇ ਤੇ ਐਫਆਈਆਰ ਹੋਈ ਸੀ,ਉਥੇ ਹੀ ਇਹ ਵੀ ਦਰਜ ਹੋਈ ਹੈ। ਤੇ ਇਸ ਵਿੱਚ 171 b,120 b ਤੇ ਇੱਕ ਹੋਰ ਧਾਰਾ ਜੋੜੀ ਗਈ ਹੈ ਤੇ ਇਹ ਪੰਜਾਬ ਦੇ ਡਿੱਪਟੀ ਸਪੀਕਰ ਜੈ ਕਿਸ਼ਨ ਰੋੜੀ ਐਫਆਈਆਰ ਕਰਵਾਈ ਗਈ ਹੈ ਤੇ ਇਸ ਤੇ ਹਾਲੇ ਤੱਕ ਕੋਈ ਵੀ ਕਾਰਵਾਈ ਕਿਉਂ ਨਹੀਂ ਹੋਈ, ਜੇਕਰ ਵਿਧਾਇਕਾਂ ਨੂੰ 25-25 ਕਰੋੜ ਵਿੱਚ ਖਰੀਦਣ ਵਰਗੇ ਗੰਭੀਰ ਇਲਜ਼ਾਮ ਲਗੇ ਹਨ। ਜੇਕਰ ਆਪ ਲੀਡਰਾਂ ਕੋਲ ਕੋਈ ਸਬੂਤ ਹੈ ਤਾਂ ਇਹ ਸ਼ਿਕਾਇਤ ਅਣਪਛਾਤਿਆਂ ਦੇ ਖਿਲਾਫ ਕਿਉਂ ਹੋਈ ਹੈ?
ਮਜੀਠੀਆ ਨੇ ਐਫਆਈਆਰ ਦੀ ਕਾਪੀ ਸਾਰਿਆਂ ਨੂੰ ਪੜ ਕੇ ਸੁਣਾਈ ਤੇ ਸਵਾਲ ਕੀਤਾ ਕਿ 10 ਐਮਐਲਏ ਤੇ 25 ਕਰੋੜ ਦੇ ਇਲਜ਼ਾਮ ‘ਤੇ ਕੋਈ ਕਾਰਵਾਈ ਨਹੀਂ, ਇਹ ਕਿਦਾਂ ਹੋ ਸਕਦਾ ਹੈ?ਇਸ ਲਈ ਦੋ ਗੱਲਾਂ ਹੀ ਹੋ ਸਕਦੀਆਂ ਹਨ ਜਾਂ ਤਾਂ ਪੁਲਿਸ ਵਿੱਚ ਦਮ ਨਹੀਂ ਹੈ ਜਾਂ ਐਫਆਈਆਰ ਵਿੱਚ ਵੀ ਕੋਈ ਵੱਡੀ ਗੱਲ ਨਹੀਂ।

ਮਜੀਠੀਆ ਨੇ ਗਵਰਨਰ ਪੰਜਾਬ ਨੂੰ ਇਸ ਸਾਰੇ ਮਾਮਲੇ ਦੀ ਜਾਂਚ ਕਰਨ ਨੂੰ ਕਿਹਾ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ। ਉਹਨਾਂ ਇਹ ਵੀ ਕਿਹਾ ਹੈ ਕਿ ਇੱਕ ਵਿਧਾਇਕ ਨੂੰ ਧਮਕੀਆਂ ਦੇਣ ਦੀ ਗੱਲ ਕਹੀ ਸੀ ਪਰ ਐਫਆਈਆਰ ਵਿੱਚ ਇਸ ਦਾ ਜ਼ਿਕਰ ਕਿਉਂ ਨਹੀਂ ਹੈ?
ਪੰਜਾਬ ਸਰਕਾਰ ਵੱਲੋਂ 27 ਸਤੰਬਰ ਨੂੰ ਬੁਲਾਏ ਜਾਣ ਵਾਲੇ ਸੈਸ਼ਨ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਹੈ ਕਿ ਸੈਸ਼ਨ ਬੁਲਾਇਆ ਜਾਣਾ ਚਾਹਿਦਾ ਹੈ ਪਰ ਮੁੱਦੇ ਪੰਜਾਬ ਨਾਲ ਸਬੰਧਤ ਹੋਣੇ ਚਾਹਿਦੇ ਹਨ।