‘ਦ ਖ਼ਾਲਸ ਬਿਊਰੋ (ਪੁਨੀਤਕੌਰ) :- ਅਕਾਲੀ ਲੀਡਰ ਬਿਕਰਮ ਸਿੰਘ ਮਜੀਠਿਆ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕੈਪਟਨ ਅਤੇ ਚੰਨੀ ਸਰਕਾਰ ਵਿੱਚ ਕੋਈ ਫਰਕ ਨਹੀਂ ਹੈ। ਜੇ ਕੈਪਟਨ ਬੁਰਾ ਸੀ ਤਾਂ ਚੰਨੀ ਮੰਤਰੀ ਕਿਉਂ ਬਣੇ ਰਹੇ। ਚੰਨੀ ਨੇ ਮੰਤਰੀ ਰਹਿੰਦਿਆਂ ਕੈਪਟਨ ਦਾ ਪੂਰਾ ਸਾਥ ਦਿੱਤਾ ਸੀ। ਜਦੋਂ ਕੋਰੋਨਾ ਦੀ ਮਾਰ ਪਈ ਤਾਂ ਇੰਜਲੈਂਡ, ਕੈਨੇਡਾ ਸਮੇਤ ਹੋਰ ਮੁਲਕਾਂ ਦੀਆਂ ਸਰਕਾਰਾਂ ਨੇ ਲੋਕਾਂ ਦੀ ਮਦਦ ਲਈ ਉਨ੍ਹਾਂ ਨੂੰ ਪੈਸੇ ਦਿੱਤੇ ਪਰ ਪੰਜਾਬ ਦੀ ਸਰਕਾਰ ਨੇ ਡੀਜ਼ਲ ਅਤੇ ਪੈਟਰੋਲ ਦੀ ਵੈਟ ਨੂੰ ਵਧਾ ਦਿੱਤਾ। ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਾ ਦਿੱਤੇ। ਅੱਜ ਪੰਜਾਬ ਵਿੱਚ ਸਭ ਤੋਂ ਵੱਡਾ ਪੋਸਟਰ ਲਗਾਇਆ ਹੈ ਕਿ ਪੰਜਾਬ ਵਿੱਚ ਪੈਟਰੋਲ ਸਭ ਤੋਂ ਸਸਤਾ ਹੈ ਜੋ ਕਿ ਬਿਲਕੁਲ ਝੂਠਾ ਹੈ। ਪੰਜਾਬ ਸਿਰ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਚੜਾ ਦਿੱਤਾ ਹੈ ਪਰ 50 ਸਾਲਾਂ ਵਿੱਚ ਕੰਮ ਕੋਈ ਨਹੀਂ ਕੀਤਾ। ਚੰਨੀ ਸੂਬੇ ਦੇ ਲੋਕਾਂ ਨਾਲ ਝੂਠੇ ਵਾਅਦੇ ਕਰ ਰਹੇ ਹਨ।
ਮਜੀਠੀਆ ਨੇ ਕਿਹਾ ਕਿ ਇੱਥੇ ਤਾਂ ਇਹ ਹਾਲਾਤ ਬਣਨੇ ਹਨ ਕਿ ਜੇ ਸਹੀ ਵਕੀਲ ਮਿਲ ਜਾਵੇ ਤਾਂ ਮਾੜਾ ਕੇਸ ਜਿਤਾ ਦੇਵੇਗਾ ਅਤੇ ਜੇ ਮਾੜਾ ਵਕੀਲ ਮਿਲ ਗਿਆ ਤਾਂ ਉਹ ਜਿੱਤਿਆ ਹੋਇਆ ਕੇਸ ਹਰਾ ਦੇਵੇਗਾ।