ਪਟਿਆਲਾ : ਸ਼੍ਰੋਮਣੀ ਅਕਾਲੀ ਆਗੂ ਬਿਕਰਮ ਮਜੀਠੀਆ ਡਰੱਗਜ਼ ਮਾਮਲੇ ‘ਚ 7 ਦਿਨ ਪਹਿਲਾਂ ਜਾਰੀ ਨੋਟਿਸ ਤੋਂ ਬਾਅਦ SIT ਸਾਹਮਣੇ ਪੇਸ਼ ਹੋਣ ਲਈ ਅੱਜ ਪਟਿਆਲਾ ਪਹੁੰਚੇ। ਮਜੀਠੀਆ ਆਪਣੇ ਸਮਰਥਕਾਂ ਨਾਲ ਇੱਥੇ ਪੁੱਜੇ ਹਨ। ਇਸ ਦੌਰਾਨ ਉਨ੍ਹਾਂ ਨੇ ਸੀ ਐੱਮ ਭਗਵੰਤ ਮਾਨ ਨੂੰ ਚੁਨੌਤੀ ਦਿੱਤੀ ਹੈ ਕਿ ਉਹ ਸ਼ਹੀਦੀ ਮਹੀਨਾ ਖ਼ਤਮ ਹੋਣ ਤੋਂ ਬਾਅਦ ਜੋ ਵੀ ਕਹਿਣਗੇ, ਉਸ ਦਾ ਜਵਾਬ ਦੇਣਗੇ। ਪਟਿਆਲਾ ਦੇ SIT ਦਫ਼ਤਰ ਬਾਰ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਹੋਇਆ ਹੈ।
ਬਿਕਰਮ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਈਡੀ ਤੋਂ ਭਗੌੜੇ ਹਨ। ਮਜੀਠੀਆ ਨੇ ਮੁੱਖ ਮੰਤਰੀ ਮਾਨ ‘ਤੇ ਤੰਜ ਕੱਸਦਿਆਂ ਕਿਹਾ ਕਿ ਭਗਵੰਤ ਮਾਨ SIT ਤੋਂ ਨਹੀਂ ਭੱਜਣਗੇ । ਮਜੀਠੀਆ ਨੇ ਕਿਹਾ ਕਿ ਉਹ ਪੁਲਿਸ ਅਤੇ ਕਾਨੂੰਨ ਵਿਵਸਥਾ ਦਾ ਸਤਿਕਾਰ ਕਰਦੇ ਹਨ ਪਰ ਜਿਸ ਤਰ੍ਹਾਂ ‘ਆਪ’ ਸਰਕਾਰ ਸਰਕਾਰੀ ਅਮਲੇ ਦੀ ਦੁਰਵਰਤੋਂ ਕਰ ਰਹੀ ਹੈ ਉਹ ਠੀਕ ਨਹੀਂ ਹੈ।
ਮਜੀਠੀਆ ਨੇ ਕਿਹਾ ਕਿ ਐਸਆਈਟੀ ਮੁਖੀ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਆਪਣੀ ਸੇਵਾਮੁਕਤੀ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਅਗਵਾਈ ਹੇਠ ਐੱਸ.ਆਈ.ਟੀ. ਬਣਾ ਲੈਣ ਅਤੇ ਹੁਣ ਉਹ ਉਨ੍ਹਾਂ ਨਾਲ ਦੋ ਦੋ ਹੱਥ ਕਰਨਾ ਚਾਹੁੰਦੇ ਹਨ। । ਮਜੀਠੀਆ ਨੇ ਕਿਹਾ ਕਿ ਉਹ ਭੱਜਣ ਵਾਲੇ ਨਹੀਂ ਹਨ। ਜਦੋਂ ਸ਼ਹੀਦੀ ਦਾ ਮਹੀਨਾ ਪੂਰਾ ਹੋਵੇਗਾ, ਉਹ ਆਪਣੀ ਕਹੀ ਹਰ ਗੱਲ ਦਾ ਜਵਾਬ ਦੇਣਗੇ।
ਮਜੀਠੀਆ ਨੇ ਕਿਹਾ ਕਿ ਜੇਕਰ ਐੱਸ ਆਈ ਟੀ ਕੋਲ ਸਬੂਤ ਹਨ ਤਾਂ ਅਦਾਲਤ ਵਿੱਚ ਪੇਸ਼ ਕੀਤੇ ਜਾਣ। ਮਜੀਠੀਆ ਨੇ ਕਿਹਾ ਕਿ ਦੋ ਸਾਲਾਂ ਵਿੱਚ ਅਜਿਹਾ ਕੀ ਹੋਇਆ ਕਿ ਉਨ੍ਹਾਂ ਨੂੰ ਮੁੜ ਸੰਮਨ ਕੀਤੇ ਗਏ ਹਨ? ਮਜੀਠੀਆ ਨੇ ਕਿਹਾ ਕਿ ਅਸਲ ਵਿਚ ਉਸ ਨੇ ਮੁੱਖ ਖ਼ਿਲਾਫ਼ ਬੋਲਿਆ ਸੀ, ਇਸੇ ਲਈ ਉਸ ਨੂੰ ਸੰਮਨ ਭੇਜੇ ਜਾ ਰਹੇ ਹਨ। ਗ੍ਰਿਫ਼ਤਾਰੀ ‘ਤੇ ਮਜੀਠੀਆ ਨੇ ਕਿਹਾ ਕਿ ਪਿੰਜਰੇ ਸ਼ੇਰਾਂ ਲਈ ਹਨ। ਉਹ ਡਰਦੇ ਨਹੀਂ ਹਨ।
ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਹੋਣ ਦੇ ਨਾਤੇ ਮੈਨੂੰ ਕਮਜ਼ੋਰ ਨੇਤਾ ਨਾ ਸਮਝਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਅਸੀਂ ਗੱਲ ਕਰਾਂਗੇ, ਠੋਕ ਕੇ ਕਰਾਂਗੇ ਅਤੇ ਮੁੱਖ ਮੰਤਰੀ ‘ਤੇ ਜਿੰਨਾ ਜ਼ੋਰ ਲੱਗਦਾ ਉਹ ਲਾ ਲੈਣ।
20 ਦਸੰਬਰ 2021 ਨੂੰ ਕਾਂਗਰਸ ਸਰਕਾਰ ਨੇ ਮਜੀਠੀਆ ਖ਼ਿਲਾਫ਼ ਮੋਹਾਲੀ ਵਿੱਚ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਮਜੀਠੀਆ 24 ਫਰਵਰੀ 2022 ਨੂੰ ਪਟਿਆਲਾ ਜੇਲ੍ਹ ਗਿਆ ਸੀ। 10 ਅਗਸਤ 2022 ਨੂੰ ਹਾਈ ਕੋਰਟ ਨੇ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਅਤੇ ਉਹ 11 ਅਗਸਤ ਨੂੰ ਬਾਹਰ ਆ ਗਿਆ।