ਬਠਿੰਡਾ ਵਿੱਚ ਇੱਕ ਨੌਜਵਾਨ ਨਾਲ ਉਸ ਦੇ ਜਨਮ ਦਿਨ ਵਾਲੇ ਦਿਨ ਦਰਦਨਾਕ ਹਾਦਸਾ ਵਾਪਰ ਗਿਆ ਤੇ ਇਹ ਦਿਨ ਉਸ ਦਾ ਆਖ਼ਰੀ ਦਿਨ ਬਣ ਗਿਆ। ਲਾਲ ਸਿੰਘ ਬਸਤੀ ਨੇੜੇ ਇੱਕ ਬਾਈਕ ਸਵਾਰ ਦੋ ਨੌਜਵਾਨਾਂ ਦੀ ਇੱਕ ਪਿਕਅੱਪ ਨਾਲ ਟੱਕਰ ਹੋ ਗਈ। ਇਸ ਹਾਦਸੇ ‘ਚ ਇਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਸਾਥੀ ਗੰਭੀਰ ਜ਼ਖਮੀ ਹੋ ਗਿਆ। ਸੂਚਨਾ ਮਿਲਣ ’ਤੇ ਪੁਲਿਸ ਟੀਮ ਨੇ ਸਹਾਰਾ ਜਨਸੇਵਾ ਦੇ ਵਲੰਟੀਅਰਾਂ ਦੀ ਮਦਦ ਨਾਲ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਦੋਂਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ।
ਜਾਣਕਾਰੀ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਰਾਤ 12 ਵਜੇ ਦੀ ਹੈ। ਪ੍ਰਿੰਸ (21) ਪੁੱਤਰ ਚੁੰਡੀ ਰਾਮ ਵਾਸੀ ਬੀੜ ਤਾਲਾਬ ਬਸਤੀ ਦਾ ਸ਼ੁੱਕਰਵਾਰ ਨੂੰ ਜਨਮ ਦਿਨ ਸੀ। ਉਹ ਰਾਤ ਨੂੰ ਸਾਥੀ ਰਾਹੁਲ (24) ਪੁੱਤਰ ਰਾਜ ਕੁਮਾਰ ਵਾਸੀ ਸੰਗੂਆਣਾ ਬਸਤੀ ਗਲੀ ਨੰਬਰ 5 ਨਾਲ ਬਾਈਕ ’ਤੇ ਆਪਣਾ ਜਨਮ ਦਿਨ ਮਨਾਉਣ ਲਈ ਘਰ ਆ ਰਿਹਾ ਸੀ। ਇਸ ਦੌਰਾਨ ਲਾਲ ਸਿੰਘ ਬਸਤੀ ਨੇੜੇ ਉਨ੍ਹਾਂ ਦੇ ਦੋਵੇਂ ਬਾਈਕ ਪਿਕਅੱਪ ਨਾਲ ਟਕਰਾ ਗਏ। ਹਾਦਸੇ ‘ਚ ਪ੍ਰਿੰਸ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਰਾਹੁਲ ਗੰਭੀਰ ਜ਼ਖਮੀ ਹੋ ਗਿਆ।
ਸਹਾਰਾ ਜਨਸੇਵਾ ਸੰਸਥਾ ਦੇ ਵਰਕਰ ਸੰਦੀਪ ਗੋਇਲ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਹੈਲਪਲਾਈਨ ਨੰਬਰ ’ਤੇ ਸੂਚਨਾ ਮਿਲੀ ਸੀ ਕਿ ਲਾਲ ਸਿੰਘ ਬਸਤੀ ਕੋਲ ਪਿਕਅਪ ਨਾਲ ਟਕਰਾ ਕੇ ਦੋ ਬਾਈਕ ਸਵਾਰ ਜ਼ਖ਼ਮੀ ਹੋ ਗਏ। ਸੂਚਨਾ ਮਿਲਦੇ ਹੀ ਸੰਸਥਾ ਦੇ ਵਰਕਰ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਇਕ ਨੌਜਵਾਨ ਦਾ ਸਿਰ ਬੁਰੀ ਤਰ੍ਹਾਂ ਨਾਲ ਕੁਚਲਿਆ ਹੋਇਆ ਸੀ। ਜਿਸ ਦੀ ਮੌਤ ਹੋ ਗਈ ਸੀ। ਨਹਿਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


 
																		 
																		 
																		 
																		 
																		