India

50 ਵਿਦਿਆਰਥਣਾਂ ਦੇ ਬੇਹੋਸ਼ ਹੋਣ ਮਗਰੋਂ ਬਿਹਾਰ ਦੇ ਸਕੂਲਾਂ ’ਚ ਛੁੱਟੀਆਂ! 8 ਜੂਨ ਤਕ ਸਕੂਲ ਬੰਦ

ਬਿਹਾਰ ਸਰਕਾਰ ਨੇ ਕੜਾਕੇ ਦੀ ਗਰਮੀ ਕਾਰਨ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਅੱਜ ਕਈ ਸਕੂਲਾਂ ਵਿੱਚ ਵਿਦਿਆਰਥਣਾਂ ਦੀ ਸਿਹਤ ਵਿਗੜਨ ਤੇ ਬੇਹੋਸ਼ ਹੋਣ ਤੋਂ ਬਾਅਦ ਲਿਆ ਗਿਆ ਹੈ। ਬੁੱਧਵਾਰ ਨੂੰ ਬੇਗੂਸਰਾਏ ਤੇ ਸ਼ੇਖਪੁਰਾ ਦੇ ਸਕੂਲਾਂ ’ਚ 50 ਦੇ ਕਰੀਬ ਵਿਦਿਆਰਥਣਾਂ ਗਰਮੀ ਕਾਰਨ ਬੇਹੋਸ਼ ਹੋ ਗਈਆਂ ਸਨ, ਕਿਤੇ-ਕਿਤੇ ਇਹ ਅੰਕੜਾ 80 ਵੀ ਦੱਸਿਆ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਕਈ ਵਿਦਿਆਰਥਣਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਉਣਾ ਪਿਆ।

ਗਰਮੀ ਕਾਰਨ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸਕੂਲਾਂ ਨੂੰ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਫਿਲਹਾਲ 30 ਮਈ ਤੋਂ 08 ਜੂਨ 2024 ਤੱਕ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਮੁੱਖ ਮੰਤਰੀ ਦਫ਼ਤਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੁੱਖ ਸਕੱਤਰ ਬ੍ਰਜੇਸ਼ ਮਹਿਰੋਤਰਾ ਨੂੰ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਲੋੜ ਅਨੁਸਾਰ ਸਕੂਲਾਂ ਨੂੰ ਬੰਦ ਕਰਨ ਸਬੰਧੀ ਢੁਕਵੀਂ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਕੂਲੀ ਬੱਚਿਆਂ ਦੀ ਸਿਹਤ ਖ਼ਰਾਬ ਨਾ ਹੋਵੇ।

ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਸੰਕਟ ਪ੍ਰਬੰਧਨ ਸਮੂਹ ਦੀ ਮੀਟਿੰਗ ਤੈਅ ਕਰਨ ਅਤੇ ਮੌਜੂਦਾ ਸੰਦਰਭ ਵਿੱਚ ਹੋਰ ਲੋੜੀਂਦੀਆਂ ਕਾਰਵਾਈਆਂ ਨੂੰ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ ਹਨ।