India

ਚੁਟਕਲਿਆਂ ਤੋਂ ਘੱਟ ਨਹੀਂ ਇਨ੍ਹਾਂ ਲੀਡਰਾਂ ਦੇ ਵਾਅਦੇ, ਯਕੀਨ ਨਹੀਂ ਤਾਂ ਪੜ੍ਹ ਲਓ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬਿਹਾਰ ਪੰਚਾਇਤੀ ਚੋਣਾਂ-2021 ਲਈ ਕਟਿਹਾਰ ਜਿਲ੍ਹੇ ਦੇ ਰਾਮਪੁਰ ਤੋਂ ਇਕ ਆਜ਼ਾਦ ਉਮੀਦਵਾਰ ਆਪਣਾ ਨਾਮਜਦਗੀ ਪੱਤਰ ਮੱਝ ਉੱਤੇ ਬੈਠ ਕੇ ਭਰਨ ਪਹੁੰਚੇ ਤਾਂ ਸਾਰੇ ਹੈਰਾਨ ਰਹਿ ਗਏ। ਜਦੋਂ ਇਸਦਾ ਕਾਰਣ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮਹਿੰਗਾਈ ਨਾਲ ਸਾਰਾ ਦੇਸ਼ ਲੜ ਰਿਹਾ ਹੈ, ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਨੇ ਲੋਕਾਂ ਦਾ ਤ੍ਰਾਹ ਕੱਢਿਆ ਪਿਆ ਹੈ। ਅਸੀਂ ਮੱਝ ਪਾਲਦੇ ਹਾਂ ਤੇ ਇਸਦਾ ਦੁੱਧ ਪੀਂਦੇ ਹਾਂ ਤੇ ਇਸਦੀ ਸਵਾਰੀ ਵੀ ਕਰਦੇ ਹਾਂ।

ਇਸ ਤੋਂ ਇਲਾਵਾ ਇਕ ਹੋਰ ਤਸਵੀਰ ਵਾਇਰਲ ਹੋਈ ਹੈ, ਜਿਸ ਵਿੱਚ ਕਾਂਗਰਸ ਦਾ ਕਰਨਾਟਕਾ ਤੋਂ ਪ੍ਰਧਾਨ ਡੀਕੇ ਸ਼ਿਵ ਕੁਮਾਰ ਮਹਿੰਗਾਈ ਦੇ ਵਿਰੋਧ ਵਿੱਚ ਰਾਜ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿੱਚ ਬੈਲਗੱਡੀ ਉੱਤੇ ਚੜ੍ਹ ਕੇ ਆਇਆ। ਇਹ ਦੋਵੇਂ ਤਸਵੀਰਾਂ ਜਿੱਥੇ ਗੰਭੀਰ ਮੁੱਦੇ ਉੱਤੇ ਵਿਅੰਗ ਹੈ, ਉੱਥੇ ਮਜ਼ਾਕ ਦਾ ਕਾਰਣ ਵੀ ਬਣ ਰਹੀਆਂ ਹਨ।

ਮੀਡੀਆ ਅਨੁਸਾਰ ਬਿਹਾਰ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਲਈ ਉਮੀਦਵਾਰ ਪੂਰੀ ਵਾਹ ਪੇਸ਼ ਲਾ ਰਹੇ ਹਨ। ਇਹੀ ਨਹੀਂ, ਇਨ੍ਹਾਂ ਦੇ ਅਜੀਬ ਕਿਸਮ ਦੇ ਵਾਅਦੇ ਵੀ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ।

ਇਕ ਉਮੀਦਵਾਰ ਦੇ ਵਾਅਦਿਆਂ ਦੀ ਲਿਸਟ ਵੀ ਚੁਟਕਲਿਆਂ ਤੋਂ ਘੱਟ ਨਹੀਂ ਹੈ। ਉਮੀਦਵਾਰ ਦੇ ਪੋਸਟਰ ਵਿੱਚ ਉਹ ਪੂਰੇ ਪਿੰਡ ਨੂੰ ਸਰਕਾਰੀ ਨੌਕਰੀ ਦੇਣ, ਪਿੰਡ ਵਿੱਚ ਹਵਾਈ ਅੱਡਾ ਬਣਾਉਣ ਦੀ ਗੱਲ ਕਹਿ ਰਿਹਾ ਹੈ। ਇਸ ਤੋਂ ਇਲਾਵਾ ਲੀਡਰ ਦਾ ਕਹਿਣਾ ਹੈ ਕਿ ਜੇਕਰ ਉਹ ਜਿੱਤ ਗਿਆ ਤਾਂ ਮੁੰਡਿਆਂ ਨੂੰ ਮੋਟਰਸਾਇਕਲ, ਬਜੁਰਗਾਂ ਨੂੰ ਇੱਕ-ਇੱਕ ਪੈਕਟ ਬੀੜੀਆਂ ਦਾ ਬੰਡਲ ਤੇ ਹਰ ਰੋਜ ਖਾਣ ਲਈ ਤੰਬਾਕੂ ਦੇਵੇਗਾ।

ਇਹ ਲੀਡਰ ਨਲ ਜਲ ਯੋਜਨਾ ਸ਼ੁਰੂ ਕਰੇਗਾ, ਜਿਸ ਵਿੱਚ ਨਲਕਿਆਂ ਵਿਚ ਪਾਣੀ ਨਹੀਂ ਦੁੱਧ ਦੀ ਸਪਲਾਈ ਹੋਵੇਗੀ। ਹੁਣ ਤੁਸੀਂ ਆਪ ਅੰਦਾਜਾ ਲਗਾ ਲਓ ਕਿ ਇਹ ਲੀਡਰ ਜਿੱਤਣ ਲਈ ਲੋਕਾਂ ਨੂੰ ਬੁੱਧੂ ਬਣਾ ਰਹੇ ਹਨ ਕਿ ਆਪਣੀ ਬੁੱਧੀ ਦੀ ਪੇਸ਼ਕਾਰੀ ਕਰ ਰਹੇ ਹਨ। ਪਰ ਸੋਸ਼ਲ ਮੀਡੀਆ ਜਰੂਰ ਇਨ੍ਹਾਂ ਵਾਅਦਿਆਂ ਉੱਤੇ ਸਵਾਦ ਲੈ ਰਿਹਾ ਹੈ।