India

ਬਿਹਾਰ ਵਿਧਾਨ ਸਭਾ ਭੰਗ, ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਵਜੋਂ ਦਿੱਤਾ ਅਸਤੀਫ਼ਾ

ਬਿਊਰੋ ਰਿਪੋਰਟ (17 ਨਵੰਬਰ, 2025): ਬਿਹਾਰ ਵਿੱਚ ਨਵੀਂ ਵਿਧਾਨ ਸਭਾ ਦੇ ਗਠਨ ਤੋਂ ਪਹਿਲਾਂ ਬਿਹਾਰ ਰਾਜ ਸਕੱਤਰੇਤ ਵਿੱਚ ਮੌਜੂਦਾ ਰਾਜ ਕੈਬਨਿਟ ਦੀ ਆਖਰੀ ਮੀਟਿੰਗ ਹੋਈ। ਇਸ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਰਾਜ ਭਵਨ ਪਹੁੰਚੇ ਅਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਰਾਜ ਕੈਬਨਿਟ ਦੀ ਮੀਟਿੰਗ ਵਿੱਚ ਵਿਧਾਨ ਸਭਾ ਨੂੰ ਭੰਗ ਕਰਨ ਅਤੇ ਸਰਕਾਰ ਦੇ ਅਸਤੀਫ਼ੇ ਦੇ ਏਜੰਡੇ ’ਤੇ ਮੋਹਰ ਲਾ ਦਿੱਤੀ ਗਈ ਸੀ।

ਅਸਤੀਫ਼ਾ ਲੈ ਕੇ ਸਿੱਧੇ ਰਾਜ ਭਵਨ ਪਹੁੰਚੇ ਨਿਤੀਸ਼

ਵਿਧਾਨ ਸਭਾ ਭੰਗ ਕਰਨ ਅਤੇ ਕੈਬਨਿਟ ਦੇ ਅਸਤੀਫ਼ੇ ਦੇ ਏਜੰਡੇ ’ਤੇ ਮੋਹਰ ਲੱਗਣ ਤੋਂ ਬਾਅਦ, ਕੈਬਨਿਟ ਨੇ ਨਿਤੀਸ਼ ਕੁਮਾਰ ਨੂੰ ਅੱਗੇ ਦੇ ਫੈਸਲਿਆਂ ਲਈ ਅਧਿਕਾਰਤ ਕਰ ਦਿੱਤਾ। ਇਸ ਤੋਂ ਬਾਅਦ ਨਿਤੀਸ਼ ਕੁਮਾਰ ਆਪਣੇ ਸਹਿਯੋਗੀਆਂ ਸਮੇਤ ਰਾਜ ਭਵਨ ਪਹੁੰਚੇ। ਉਨ੍ਹਾਂ ਦੇ ਨਾਲ ਸਮਰਾਟ ਚੌਧਰੀ ਸਮੇਤ ਸਾਰੇ ਮੰਤਰੀ ਮੌਜੂਦ ਸਨ। ਨਿਤੀਸ਼ ਕੁਮਾਰ ਨੇ ਰਾਜਪਾਲ ਨੂੰ ਸਰਕਾਰ ਅਤੇ ਵਿਧਾਨ ਸਭਾ ਭੰਗ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਰਾਜਪਾਲ ਨੇ ਅਗਲੇ ਪ੍ਰਬੰਧ ਹੋਣ ਤੱਕ ਉਨ੍ਹਾਂ ਨੂੰ ਕੰਮਕਾਜ ਦੇਖਦੇ ਰਹਿਣ ਲਈ ਕਿਹਾ ਹੈ।

20 ਨਵੰਬਰ ਨੂੰ ਨਵੀਂ ਸਰਕਾਰ ਦਾ ਗਠਨ

ਰਾਜ ਭਵਨ ਦੇ ਸੂਤਰਾਂ ਅਨੁਸਾਰ 20 ਨਵੰਬਰ ਨੂੰ ਨਵੀਂ ਸਰਕਾਰ ਦਾ ਗਠਨ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਨਿਤੀਸ਼ ਕੁਮਾਰ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਗਾਂਧੀ ਮੈਦਾਨ ਵਿੱਚ ਨਿਤੀਸ਼ ਕੈਬਨਿਟ ਦੇ ਸਹੁੰ ਚੁੱਕ ਸਮਾਰੋਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਸਮਾਰੋਹ ਵਿੱਚ ਸ਼ਾਮਲ ਹੋਣਗੇ।

ਕੱਲ੍ਹ ਹੋਵੇਗੀ ਵਿਧਾਇਕ ਦਲ ਦੀ ਬੈਠਕ

ਭਾਜਪਾ ਅਤੇ JDU ਵਿਧਾਇਕ ਦਲ ਦੀ ਮੀਟਿੰਗ ਕੱਲ੍ਹ ਹੋਵੇਗੀ। ਇਸ ਤੋਂ ਬਾਅਦ NDA ਦੀ ਸਾਂਝੀ ਮੀਟਿੰਗ ਵਿੱਚ ਨਿਤੀਸ਼ ਕੁਮਾਰ ਨੂੰ ਨੇਤਾ ਚੁਣਿਆ ਜਾਵੇਗਾ। ਦੂਜੇ ਪਾਸੇ, ਚੋਣ ਨਤੀਜਿਆਂ ਤੋਂ ਬਾਅਦ NDA ਵਿੱਚ ਜਿੱਥੇ ਚਹਿਲ-ਪਹਿਲ ਹੈ, ਉੱਥੇ ਹੀ ਰਾਜਦ (RJD) ਅਤੇ ਕਾਂਗਰਸ ਦੇ ਖੇਮੇ ਵਿੱਚ ਖਾਮੋਸ਼ੀ ਛਾਈ ਹੋਈ ਹੈ। ਰਾਜਦ ਦੇ ਨਵੇਂ ਚੁਣੇ ਵਿਧਾਇਕਾਂ ਅਤੇ ਹਾਰੇ ਹੋਏ ਉਮੀਦਵਾਰਾਂ ਨੂੰ ਪਟਨਾ ਬੁਲਾਇਆ ਗਿਆ ਹੈ। ਤੇਜਸਵੀ ਯਾਦਵ ਉਨ੍ਹਾਂ ਦੀ ਮੀਟਿੰਗ ਲੈਣਗੇ। ਲਾਲੂ ਪ੍ਰੀਵਾਰ ਵਿੱਚ ਕਲੇਸ਼ ਵੀ ਵੱਧ ਗਿਆ ਹੈ, ਕਿਉਂਕਿ ਰੋਹਿਣੀ ਤੋਂ ਬਾਅਦ ਲਾਲੂ ਦੀਆਂ ਤਿੰਨ ਬੇਟੀਆਂ- ਰਾਜਲਕਸ਼ਮੀ, ਚੰਦਾ ਅਤੇ ਰਾਗਿਨੀ ਪਟਨਾ ਤੋਂ ਦਿੱਲੀ ਮੀਸਾ ਭਾਰਤੀ ਕੋਲ ਚਲੀਆਂ ਗਈਆਂ ਹਨ।