India

ਰੇਤ ਦੇ ਮਹਿਲ ਵਾਂਗ ਗੰਗਾ ‘ਚ ਸਮਾ ਗਿਆ ਬਿਹਾਰ ਦਾ ਪੁਲ, ਵੇਖੋ ਹੈਰਾਨ ਕਰਨ ਵਾਲਾ ਵੀਡੀਓ

Bihar: Bridge under construction over Ganga collapsed

ਬਿਹਾਰ ਵਿੱਚ ਗੰਗਾ ਨਦੀ ’ਤੇ ਉਸਾਰੀ ਅਧੀਨ ਚਹੁੰ-ਮਾਰਗੀ ਪੁਲ ਅੱਜ ਡਿੱਗ ਗਿਆ। ਇਹ ਪੁਲ ਭਾਗਲਪੁਰ ਜ਼ਿਲ੍ਹੇ ਵਿੱਚ ਸੁਲਤਾਨਗੰਜ ਨਾਲ ਖਗਰੀਆ ਨੂੰ ਆਪਸ ਵਿੱਚ ਜੋੜਦਾ ਸੀ। ਸੂਤਰਾਂ ਮੁਤਾਬਕ ਜਦੋਂ ਪੁਲ ਦਾ ਇਕ ਹਿੱਸਾ ਡਿੱਗਿਆ, ਉਦੋਂ ਉੱਥੇ ਕਈ ਮਜ਼ਦੂਰ ਕੰਮ ਕਰ ਰਹੇ ਸਨ। ਭਾਵੇਂ ਭਾਗਲਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਜਾਂ ਬਿਹਾਰ ਸਰਕਾਰ ਨੇ ਅਜੇ ਤੱਕ ਕਿਸੇ ਮੌਤ ਦੀ ਪੁਸ਼ਟੀ ਨਹੀਂ ਕੀਤੀ। ਉਸਾਰੀ ਅਧੀਨ ਪੁਲ ਦੇ ਡਿੱਗਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਈ।

ਇਸ ਹਾਦਸੇ ਨੂੰ ਲੈ ਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਟਨਾ ਵਿੱਚ ਇੱਕ ਵੱਡੀ ਮੀਟਿੰਗ ਕੀਤੀ, ਜਿਸ ਵਿੱਚ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਅਤੇ ਸੜਕ ਨਿਰਮਾਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਪ੍ਰਤਯ ਅੰਮ੍ਰਿਤ ਵੀ ਮੌਜੂਦ ਸਨ। ਸੀਐਮ ਨਿਤੀਸ਼ ਕੁਮਾਰ ਨੇ ਪ੍ਰਤਯ ਅੰਮ੍ਰਿਤ ਨੂੰ ਘਟਨਾ ਦੀ ਵਿਸਤ੍ਰਿਤ ਜਾਂਚ ਕਰਨ ਅਤੇ ਦੋਸ਼ੀਆਂ ਦੀ ਪਛਾਣ ਕਰਕੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਗੰਗਾ ਨਦੀ ‘ਚ ਪੁਲ ਦੇ ਡਿੱਗਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਪੁਲ 1700 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਸ ਦੇ ਨਿਰਮਾਣ ‘ਤੇ ਪਹਿਲਾਂ ਹੀ ਸਵਾਲ ਉਠਾਏ ਜਾ ਰਹੇ ਸਨ।

ਜਾਣਕਾਰੀ ਮੁਤਾਬਕ ਇਹ ਪੁਲ ਭਾਗਲਪੁਰ ‘ਚ ਗੰਗਾ ਨਦੀ ‘ਤੇ ਬਣਨ ਵਾਲਾ ਸਭ ਤੋਂ ਵੱਡਾ ਪੁਲ ਹੈ। ਅਗੁਵਾਨੀ ਸੁਲਤਾਨਗੰਜ ਪੁਲ ਦੇ ਅਚਾਨਕ ਡਿੱਗਣ ਦੌਰਾਨ ਕਈ ਲੋਕ ਇਸ ਦੀ ਲਾਈਵ ਵੀਡੀਓ ਬਣਾਉਂਦੇ ਹੋਏ ਦੇਖੇ ਗਏ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ 1700 ਕਰੋੜ ਰੁਪਏ ਦੀ ਵੱਡੀ ਰਕਮ ਦੇ ਖਰਚੇ ਅਤੇ ਇਸ ‘ਚ ਹੋਏ ਭ੍ਰਿਸ਼ਟਾਚਾਰ ਬਾਰੇ ਦੱਸਿਆ ਗਿਆ ਹੈ। ਇੱਕ ਸਾਲ ਪਹਿਲਾਂ ਵੀ ਇਸ ਪੁਲ ਦਾ ਇੱਕ ਹਿੱਸਾ ਢਹਿ ਗਿਆ ਸੀ। ਇਹ ਮੁੱਖ ਮੰਤਰੀ ਦੇ ਡਰੀਮ ਪ੍ਰੋਜੈਕਟ ਵਿੱਚ ਸ਼ਾਮਲ ਹੈ।

ਦੱਸ ਦਈਏ ਕਿ ਪਿਛਲੇ ਸਾਲ 27 ਅਪ੍ਰੈਲ ਨੂੰ ਵੀ ਇਸ ਨਿਰਮਾਣ ਅਧੀਨ ਪੁਲ ਦਾ ਸੁਪਰ ਸਟ੍ਰਕਚਰ ਨਦੀ ਵਿੱਚ ਡਿੱਗ ਗਿਆ ਸੀ। ਤੇਜ਼ ਤੂਫਾਨ ਅਤੇ ਬਾਰਸ਼ ‘ਚ ਕਰੀਬ 100 ਫੁੱਟ ਲੰਬਾ ਹਿੱਸਾ ਜ਼ਮੀਨ ‘ਤੇ ਡਿੱਗ ਗਿਆ। ਇਸ ਤੋਂ ਬਾਅਦ ਪੁਲ ਬਣਾਉਣ ਦਾ ਕੰਮ ਮੁੜ ਸ਼ੁਰੂ ਹੋ ਗਿਆ। ਇਸ ਵਾਰ ਸੁਪਰ ਸਟਰਕਚਰ ਦਾ ਕਰੀਬ 80 ਫੀਸਦੀ ਕੰਮ ਮੁਕੰਮਲ ਹੋ ਗਿਆ ਹੈ। ਇੱਥੇ ਹੀ ਬੱਸ ਨਹੀਂ, ਪਹੁੰਚ ਸੜਕ ਦਾ ਕੰਮ ਵੀ 45 ਫੀਸਦੀ ਮੁਕੰਮਲ ਹੋ ਗਿਆ ਸੀ ਪਰ ਪੁਲ ਦੇ ਟੁੱਟਣ ਕਾਰਨ ਇਸ ਪ੍ਰਾਜੈਕਟ ’ਤੇ ਸਵਾਲ ਖੜ੍ਹੇ ਹੋ ਗਏ ਹਨ।