Punjab

TET ਪੇਪਰ ‘ਚ ਹੋਇਆ ਵੱਡਾ ਘੁਟਾਲਾ,ਸਿੱਖਿਆ ਮੰਤਰੀ ਨੇ ਦਿੱਤੇ ਉੱਚ ਪੱਧਰੀ ਜਾਂਚ ਦੇ ਹੁਕਮ

ਚੰਡੀਗੜ੍ਹ :  ਅਧਿਆਪਕਾਂ ਦੀ ਭਰਤੀ ਲਈ ਆਯੋਜਿਤ ਕੀਤੀ ਜਾਂਦੀ ਮੁੱਢਲੀ ਪ੍ਰੀਖਿਆ ‘ ਪੰਜਾਬ ਰਾਜ ਅਧਿਆਪਨ ਯੋਗਤਾ ਪ੍ਰੀਖਿਆ ‘ਦੇ ਸ਼ੱਕ ਦੇ ਘੇਰੇ ਵਿੱਚ ਆ ਜਾਣ ਤੋਂ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ ਤੇ ਇਹ ਵੀ ਐਲਾਨ ਕੀਤਾ ਹੈ ਕਿ ਬਿਨਾਂ ਕਿਸੇ ਫੀਸ ਤੋਂ ਦੁਬਾਰਾ ਇਹ ਪ੍ਰੀਖਿਆ ਕਰਵਾਈ ਜਾਵੇਗੀ।

ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਨੇ ਦੱਸਿਆ ਹੈ ਕਿ TET ਘੋਟਾਲੇ ਦੇ ਸੰਬੰਧ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਜਵਾਬਦੇਹੀ ਤੈਅ ਹੋਵੇਗੀ ਤੇ ਬਿਨਾਂ ਕਿਸੇ ਫੀਸ ਤੋਂ ਯੂਨੀਵਰਸਿਟੀ ਦੁਬਾਰਾ ਪ੍ਰੀਖਿਆ ਲਈ ਜਾਵੇਗੀ।

ਪ੍ਰੀਖਿਆ ਪ੍ਰਕਿਰਿਆ ਵਿੱਚ ਪੂਰੀ ਨਿਰਪੱਖਤਾ ਬਣਾਈ ਰੱਖਣ ਲਈ, ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

ਇਸ ਸਾਰੇ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਵਾਲਿਆਂ ‘ਤੇ ਅਪਰਾਧਿਕ ਲਾਪਰਵਾਹੀ ਲਈ ਮੁਕੱਦਮਾ ਦਰਜ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਕੱਲ ਹੀ ਇਹ ਖ਼ਬਰ ਸਾਹਮਣੇ ਆਈ ਸੀ ਕਿ ਅਧਿਆਪਕਾਂ ਦੀ ਭਰਤੀ ਲਈ ਲਈ ਜਾਂਦੀ ਮੁੱਢਲੀ ਪ੍ਰੀਖਿਆ ਪੰਜਾਬ ਰਾਜ ਅਧਿਆਪਨ ਯੋਗਤਾ ਪ੍ਰੀਖਿਆ ‘ਤੇ ਸ਼ੰਕੇ ਖੜੇ ਕੀਤੇ ਗਏ ਸਨ ਕਿਉਂਕਿ ਇਹ ਪਾਇਆ ਗਿਆ ਸੀ ਕਿ ਇਸ ਪ੍ਰੀਖਿਆ ਦੇ ਦੌਰਾਨ ਅੱਧੇ ਤੋਂ ਜਿਆਦਾ ਪ੍ਰਸ਼ਨਾਂ ਦੇ ਉੱਤਰਾਂ ਨੂੰ ਪਹਿਲਾਂ ਹੀ ਹਾਈਲਾਈਟ ਕੀਤਾ ਗਿਆ ਸੀ।

ਮਾਸਟਰ ਕੇਡਰ ਦੇ ਸਮਾਜਿਕ ਸਿੱਖਿਆ ਵਿਸ਼ੇ ਦੀ ਪ੍ਰੀਖਿਆ ਲਈ ਪਾਏ ਗਏ ਚਾਰ ਪ੍ਰਕਾਰ ਦੇ ਪੇਪਰਾਂ ਵਿੱਚ ਕੁੱਝ ਇਤਰਾਜ਼ਯੋਗ ਨਜ਼ਰ ਆਇਆ ਸੀ। ਇਹਨਾਂ  ਵਿੱਚ ਏ,ਬੀ ,ਸੀ ਅਤੇ ਡੀ ਸੈੱਟ ਸਨ ਤੇ ਕੁਲ 60 ਸਵਾਲਾਂ ਵਿੱਚ ਹਰੇਕ ਸਵਾਲ ਦੇ ਉੱਤਰ ਲਈ ਚਾਰ ਚਾਰ ਵਿਕਲਪ ਦਿੱਤੇ ਗਏ ਸਨ। ਜਿਨ੍ਹਾਂ ਵਿੱਚੋਂ ਕੋਈ ਇੱਕ ਢੁਕਵਾਂ ਉੱਤਰ ਬਣਦਾ ਸੀ।ਪ੍ਰੰਤੂ ਗੌਰ  ਨਾਲ ਦੇਖਣ ‘ਤੇ ਇਹ ਸਾਹਮਣੇ ਆਇਆ ਹੈ  ਕਿ ਸਹੀ ਉੱਤਰ ਨੂੰ ਪਹਿਲਾਂ ਹੀ ਗਾੜ੍ਹਾ ਕੀਤਾ ਹੋਇਆ ਸੀ।ਜਿਸ ਤੋਂ ਹਰੇਕ ਉਮੀਦਵਾਰ ਸਹਿਜੇ ਹੀ ਅੰਦਾਜ਼ਾ ਲਗਾ ਸਕਦਾ ਸੀ ਕਿ ਸਹੀ ਉੱਤਰ ਕਿਹੜਾ ਹੈ?ਸੈੱਟ ‘ਸੀ’ ਵਿੱਚ ਵੀ ਅਜਿਹਾ ਮਾਮਲਾ ਸਾਹਮਣੇ ਆਉਣ ’ਤੇ ਸੰਬੰਧਤ ਪ੍ਰੀਖਿਆ ਕੇਂਦਰ ’ਚ ਪ੍ਰੀਖਿਆਰਥੀਆਂ ਤੋਂ ਪ੍ਰਸ਼ਨ ਪੱਤਰ ਵਾਪਸ ਲੈ ਲਏ ਗਏ ਸਨ।

ਦੂਜੇ ਪਾਸੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋ. ਹਰਦੀਪ ਸਿੰਘ (ਪ੍ਰੀਖਿਆ ਕੋਆਰਡੀਨੇਟਰ) ਨੇ ਕਿਹਾ ਕਿ ਇਸ ਪ੍ਰੀਖਿਆ ਦੀ ਪ੍ਰਿੰਟਿੰਗ ਵਿਚ ਗ਼ਲਤੀ ਹੋਈ ਹੈ ਅਤੇ ਪੰਜਾਬ ਸਰਕਾਰ ਦੇ ਸਬੰਧਤ ਵਿਭਾਗ ਨਾਲ ਵਿਚਾਰ-ਵਟਾਂਦਰਾ ਕਰਕੇ ਇਹ ਪ੍ਰੀਖਿਆ ਦੁਬਾਰਾ ਲੈਣ ਬਾਰੇ ਵਿਚਾਰ ਕੀਤਾ ਜਾਵੇਗਾ।

ਸ਼ੰਕੇ ਜ਼ਾਹਿਰ ਕੀਤੇ ਗਏ ਸਨ ਕਿ ਇਸ ਤਰ੍ਹਾਂ ਹੋਣ ਨਾਲ  ਬਿਨਾਂ ਤਿਆਰੀ ਤੋਂ ਪ੍ਰੀਖਿਆ ਦੇਣ ਵਾਲੇ ਉਮੀਦਵਾਰ ਪਾਸ ਹੋਣਗੇ ਤੇ ਹੋਰਨਾਂ ਦੇ ਹੱਕ ਮਾਰਨਗੇ। ਇਸ ਸਾਰੇ ਮਾਮਲੇ ਵਿੱਚ ਵਿਰੋਧੀ ਧਿਰ ਨੇ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਤੋਂ ਲੈ ਕੇ ਹੋਰ ਨੇਤਾਵਾਂ ਨੇ ਵੀ ਆਪ ਸਰਕਾਰ ਨੂੰ ਇਸ ਮਾਮਲੇ ਨੂੰ ਲੈ ਕੇ ਘੇਰਿਆ ਹੈ।