Punjab

ਹਾਈਕੋਰਟ ਤੋਂ ਸੈਣੀ ਨੂੰ ਵੱਡੀ ਰਾਹਤ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਉੱਤੇ ਕਾਨੂੰਨ ਲਗਾਤਾਰ ਮਿਹਰਬਾਨ ਨਜ਼ਰ ਆ ਰਿਹਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਾਬਕਾ ਪੁਲਿਸ ਮੁਖੀ ਨੂੰ ਇੱਕ ਹੋਰ ਮਾਮਲੇ ਵਿੱਚ ਜ਼ਮਾਨਤ ਦੇ ਕੇ ਵੱਡੀ ਰਾਹਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਉੱਚ ਅਦਾਲਤ ਵੱਲੋਂ ਮੁਲਜ਼ਮ ਨੂੰ ਇੱਕ ਤੋਂ ਵੱਧ ਕੇਸਾਂ ਵਿੱਚ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਸੀ। ਹਾਈਕੋਰਟ ਵਲੋਂ ਚੰਡੀਗੜ੍ਹ ਕੋਠੀ ਮਾਮਲੇ ਵਿਚ ਸੁਮੇਧ ਸੈਣੀ ਨੂੰ ਅਗਾਊ ਜ਼ਮਾਨਤ ਦਿੱਤੀ ਗਈ ਹੈ। ਵਿਜੀਲੈਂਸ ਨੇ ਸੈਣੀ ਖਿਲਾਫ਼ ਇਹ ਮਾਮਲਾ ਦਰਜ ਕੀਤਾ ਸੀ। ਹੁਣ ਸੈਣੀ ਕੋਲੋਂ ਜੇਕਰ ਵਿਜੀਲੈਂਸ ਨੇ ਪੁੱਛਗਿੱਛ ਕਰਨੀ ਹੋਈ ਤਾਂ ਪਹਿਲਾਂ ਸੈਣੀ ਨੂੰ ਨੋਟਿਸ ਦੇਣਾ ਪਵੇਗਾ।

ਸੁਮੇਧ ਸੈਣੀ ਨੇ ਸੈਕਟਰ 20 ਡੀ ਵਿੱਚ ਕੋਠੀ ਨੰਬਰ 3048 ਖਰੀਦੀ ਸੀ। ਸ਼ਿਕਾਇਤ ਅਨੁਸਾਰ ਇਹ ਕੋਠੀ ਖਰੀਦਣ ਲਈ ਕਾਲਾ ਧਨ ਵਰਤਿਆ ਗਿਆ ਸੀ। ਅਦਾਲਤ ਨੇ ਇਸ ਵਿਵਾਦਿਤ ਕੋਠੀ ਨੂੰ ਇੱਕ ਵਾਰ ਅਟੈਚ ਵੀ ਕਰ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਇਹ ਕੋਠੀ ਹਰਿਆਣਾ ਦੇ ਇੱਕ ਸਿਆਸੀ ਲੀਡਰ ਨੇ ਕਈ ਚਿਰ ਪਹਿਲਾਂ ਖਰੀਦੀ ਸੀ।

ਇਸ ਕੇਸ ਵਿੱਚ ਅਦਾਲਤ ਵੱਲੋਂ ਕੋਠੀ ਦੇ ਮਾਲਕ ਸੁਰਿੰਦਰਜੀਤ ਸਿੰਘ ਅਤੇ ਕਾਰਜਕਾਰੀ ਇੰਜੀਨੀਅਰ ਨਿਮਰਤਦੀਪ ਸਿੰਘ ਨੂੰ ਵੀ ਤਲਬ ਕੀਤਾ ਗਿਆ ਸੀ। ਸੈਣੀ ਨੇ ਇਹ ਕੋਠੀ ਜਸਪਾਲ ਸਿੰਘ ਨਾਂ ਦੇ ਇੱਕ ਵਿਅਕਤੀ ਤੋਂ ਖਰੀਦੀ ਸੀ। ਪੁਲਿਸ ਰਿਕਾਰਡ ਅਨੁਸਾਰ ਸੁਮੇਧ ਸੈਣੀ ਵੱਲੋਂ ਬਿਨਾਂ ਅਸਟਾਮ ਪੇਪਰ ਤੋਂ ਕੋਠੀ ਦੇ ਮਾਲਕ ਨੂੰ 6.4 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਸੀ ਪਰ ਕਾਗਜ਼ਾਂ ਵਿੱਚ ਸੁਮੇਧ ਸਿੰਘ ਸੈਣੀ 2018 ਤੋਂ ਇਸ ਕੋਠੀ ਵਿੱਚ ਕਿਰਾਏਦਾਰ ਦੇ ਤੌਰ ਉੱਤੇ ਚੱਲਿਆ ਆ ਰਿਹਾ ਹੈ।

ਮੁਲਤਾਨੀ ਅਗਵਾ ਕੇਸ ਵਿੱਚ ਸੁਮੇਧ ਸੈਣੀ ਲੰਮਾ ਸਮਾਂ ਅੰਡਰ ਗਰਾਉਂਡ ਰਹੇ। ਇਸ ਤੋਂ ਬਿਨਾਂ ਉਨ੍ਹਾਂ ਦਾ ਨਾਂ ਬਹਿਬਲ ਕਲਾਂ ਗੋਲੀਕਾਂਡ ਵਿੱਚ ਵੀ ਵੱਜਦਾ ਹੈ। ਸੁਮੇਧ ਸੈਣੀ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੁਲਿਸ ਮੁਖੀ ਲਾਇਆ ਸੀ। ਇਸ ਤੋਂ ਪਹਿਲਾਂ ਵੀ ਉਹ ਪੁਲਿਸ ਵਿਭਾਗ ਵਿੱਚ ਵੱਖ ਵੱਖ ਉੱਚ ਅਹੁਦਿਆਂ ਉੱਤੇ ਰਹੇ ਹਨ ਪਰ ਉਨ੍ਹਾਂ ਦਾ ਕਾਰਜਕਾਲ ਵਿਵਾਦਤ ਰਿਹਾ ਹੈ।