ਦਿੱਲੀ : ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਸੁਪਰੀਮ ਕੋਰਟ ਨੇ 6 ਹਫਤਿਆਂ ਦੀ ਜ਼ਮਾਨਤ ਦੇ ਦਿੱਤੀ ਹੈ। 11 ਜੁਲਾਈ ਤੱਕ ਉਨ੍ਹਾਂ ਨੂੰ ਕੋਰਟ ਤੋਂ ਅੰਤਰਿਮ ਰਾਹਤ ਮਿਲੀ ਹੈ। 10 ਜੂਨ ਨੂੰ ਉਨ੍ਹਾਂ ਨੂੰ ਦੁਬਾਰਾ ਕੋਰਟ ਵਿਚ ਪੇਸ਼ ਹੋਣਾ ਹੋਵੇਗਾ। ਸੁਣਵਾਈ ਦੌਰਾਨ ਕੋਰਟ ਨੇ ਕਿਹਾ ਕਿ ਜੈਨ ਦੀ ਸਿਹਤ ਦੇਖਦੇ ਹੋਏ ਉਨ੍ਹਾਂ ਨੂੰ ਛੱਡਿਆ ਜਾਵੇ। ਇਸ ਦੌਰਾਨ ਉਹ ਦਿੱਲੀ ਤੋਂ ਬਾਹਰ ਨਹੀਂ ਜਾਣਗੇ।
ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਸਤੇਂਦਰ ਜੈਨ ਨੂੰ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਕਰਾਉਣ ਦੀ ਇਜਾਜ਼ਤ ਦਿੰਦੇ ਹਾਂ। ਜੈਨ ਕਿਸੇ ਵੀ ਗਵਾਹ ਨੂੰ ਪ੍ਰਭਾਵਿਤ ਨਹੀਂ ਕਰਨਗੇ। ਅਦਾਲਤ ਦੀ ਇਜਾਜ਼ਤ ਦੇ ਬਗੈਰ ਉਹ ਦਿੱਲੀ ਦੇ ਬਾਹਰ ਨਹੀਂ ਜਾਣਗੇ। ਜ਼ਮਾਨਤ ਦੌਰਾਨ ਜੋ ਵੀ ਇਲਾਜ ਕੀਤਾ ਜਾ ਰਿਹਾ ਹੈ, ਉਸ ਦੇ ਦਸਤਾਵੇਜ਼ ਅਦਾਲਤ ਦੇ ਸਾਹਮਣੇ ਪੇਸ਼ ਕੀਤੇ ਜਾਣ।
ਇਸ ਤੋਂ ਪਹਿਲਾਂ 18 ਮਈ ਨੂੰ ਸੁਪਰੀਮ ਕੋਰਟ ਨੇ ਈਡੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ। ਜੈਨ 31 ਮਈ 2022 ਤੋਂ ਹਿਰਾਸਤ ਵਿਚ ਹਨ। 6 ਅਪ੍ਰੈਲ ਨੂੰ ਦਿੱਲੀ ਹਾਈਕੋਰਟ ਤੋਂ ਜ਼ਮਾਨਤ ਪਟੀਸ਼ਨ ਖਾਰਜ ਹੋਣ ਦੇ ਬਾਅਦ ਉਨ੍ਹਾਂ ਨੇ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਸੀ।
ਬੀਤੇ ਦਿਨੀਂ ਸਵੇਰੇ ਆਪ ਨੇਤਾ ਸਤੇਂਦਰ ਜੈਨ ਤਿਹਾੜ ਜੇਲ੍ਹ ਦੇ ਵਾਸ਼ਰੂਮ ਵਿਚ ਫਿਸਲ ਕੇ ਡਿੱਗ ਪਏ ਸਨ। ਉਨ੍ਹਾਂ ਨੂੰ ਸਵੇਰੇ ਦੀਨਦਿਆਲ ਉਪਾਧਿਆਏ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਦੁਪਹਿਰ ਲਗਭਗ 12 ਵਜੇ ਉਨ੍ਹਾਂ ਦੀ ਹਾਲਤ ਵਿਗੜਨ ਦੇ ਬਾਅਦ ਉਨ੍ਹਾਂ ਨੂੰ ਲੋਕ ਨਾਰਾਇਣ ਜੈ ਪ੍ਰਕਾਸ਼ ਹਸਪਤਾਲ ਸ਼ਿਫਟ ਕਰਕੇ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਸੀ।
ਇਕ ਹਫਤੇ ਵਿਚ ਇਹ ਤੀਜੀ ਵਾਰ ਸੀ ਜਦੋਂ ਜੈਨ ਨੂੰ ਹਸਪਤਾਲ ਲਿਆਂਦਾ ਗਿਆ। ਇਸਤੋਂ ਪਹਿਲਾਂ 22 ਮਈ ਨੂੰ ਉਨ੍ਹਾਂ ਨੂੰ ਦਿੱਲੀ ਦੇ ਹੀ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਸੀ। ਉਦੋਂ ਉਨ੍ਹਾਂ ਨੂੰ ਰੀੜ੍ਹ ਦੀ ਹੱਡੀ ਵਿਚ ਪ੍ਰੇਸ਼ਾਨੀ ਆਈ ਸੀ। ਜੈਨ ਮਨੀ ਲਾਂਡਰਿੰਗ ਮਾਮਲੇ ਵਿੱਚ ਪਿਛਲੇ ਸਾਲ ਮਈ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਸਨ।