India

ਬਿਹਾਰ ‘ਚ ਵੱਡਾ ਸਿਆਸੀ ਉਲਟਫੇਰ , ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਦਿੱਤਾ ਅਸਤੀਫ਼ਾ…..

Big political reversal in Bihar, Chief Minister Nitish Kumar resigned.....

ਅੱਜ ਬਿਹਾਰ ਦੀ ਰਾਜਨੀਤੀ ਵਿੱਚ ਕਾਫੀ ਹਲਚਲ ਮਚੀ ਹੋਈ ਹੈ। ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਨਿਤੀਸ਼ ਨੇ ਭਾਜਪਾ ਨੂੰ ਸਮਰਥਨ ਦਾ ਪੱਤਰ ਦੇ ਕੇ ਸਰਕਾਰ ਬਣਾਉਣ ਦੀ ਗੱਲ ਕੀਤੀ। ਇਸ ਤੋਂ ਪਹਿਲਾਂ ਸੀਐੱਮ ਹਾਊਸ ‘ਚ ਨਿਤੀਸ਼ ਦੀ ਪਾਰਟੀ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨਾਲ ਬੈਠਕ ਹੋਈ। ਇੱਥੇ ਨਿਤੀਸ਼ ਨੇ ਅਸਤੀਫ਼ੇ ਦਾ ਐਲਾਨ ਕੀਤਾ। ਜਾਣਕਾਰੀ ਮੁਤਾਬਕ ਸਹੁੰ ਚੁੱਕ ਸਮਾਗਮ ਅੱਜ ਸ਼ਾਮ 5 ਵਜੇ ਹੋ ਸਕਦਾ ਹੈ।

ਉਹ ਅੱਜ ਸਵੇਰੇ ਰਾਜ ਭਵਨ ਪਹੁੰਚੇ ਤੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਨਿਤਿਸ਼ ਕੁਮਾਰ ਨੇ ਰਾਜਪਾਲ ਨੂੰ ਦੱਸਿਆ ਕਿ ਅਸੀਂ ਸੂਬੇ ਵਿਚ ਮਹਾਂਗਠਨਬੰਧਨ ਨਾਲ ਸੰਬੰਧ ਤੋੜਨ ਦਾ ਫੈਸਲਾ ਲਿਆ ਹੈ। ਹੁਣ ਨਿਤਿਸ਼ ਕੁਮਾਰ ਐਨ ਡੀ ਏ ਵਿਚ ਸ਼ਾਮਲ ਹੋਣਗੇ। ਉਹਨਾਂ ਦੇ ਅੱਜ ਹੀ ਮੁੜ ਸਹੁੰ ਚੁੱਕਣ ਦੀ ਸੰਭਾਵਨਾ ਹੈ।

ਇਸ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨੂੰ ਕਿਹਾ, “ਅੱਜ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸੀਂ ਪਾਰਟੀ ਦੇ ਲੋਕਾਂ ਦੀ ਗੱਲ ਸੁਣੀ ਅਤੇ ਸਰਕਾਰ ਨੂੰ ਖਤਮ ਕਰਨ ਦਾ ਪ੍ਰਸਤਾਵ ਦਿੱਤਾ। ਅਸੀਂ ਅੱਜ ਗਠਜੋੜ ਤੋਂ ਵੱਖ ਹੋ ਗਏ ਹਾਂ।” ਗਠਜੋੜ ਛੱਡਣ ਬਾਰੇ ਉਨ੍ਹਾਂ ਕਿਹਾ ਕਿ ਉਹ ਡੇਢ ਸਾਲ ਪੁਰਾਣਾ ਗਠਜੋੜ ਛੱਡ ਚੁੱਕੇ ਹਨ। ਉਨ੍ਹਾਂ ਕਿਹਾ, “ਨਵੇਂ ਗਠਜੋੜ ਅਤੇ ਭਵਿੱਖ ਦੀ ਸਰਕਾਰ ਬਾਰੇ ਫੈਸਲਾ ਐਨਡੀਏ ਦੀ ਮੀਟਿੰਗ ਵਿੱਚ ਲਿਆ ਜਾਵੇਗਾ।”

ਇਸ ਤੋਂ ਪਹਿਲਾਂ ਬਿਹਾਰ ‘ਚ ਚੱਲ ਰਹੀਆਂ ਸਿਆਸੀ ਸਰਗਰਮੀਆਂ ਵਿਚਾਲੇ ਰਾਜਧਾਨੀ ਪਟਨਾ ‘ਚ ਜਨਤਾ ਦਲ (ਯੂਨਾਈਟਿਡ) ਦੀ ਮੀਟਿੰਗ ਹੋਈ। ਇਹ ਮੀਟਿੰਗ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਰਿਹਾਇਸ਼ ‘ਤੇ ਹੋਈ। ਇਸ ਵਿੱਚ ਵਿਧਾਇਕਾਂ, ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਅਤੇ ਸੰਸਦ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਬਾਅਦ ਨਿਤੀਸ਼ ਕੁਮਾਰ ਰਾਜ ਭਵਨ ਲਈ ਰਵਾਨਾ ਹੋ ਗਏ।

ਮਹਾਗਠਜੋੜ ਸਰਕਾਰ ਦੇ ਅਸਤੀਫੇ ਤੋਂ ਬਾਅਦ ਬਿਹਾਰ ਵਿੱਚ ਨਵੀਂ ਸਰਕਾਰ ਦੇ ਗਠਨ ਦਾ ਰਸਤਾ ਸਾਫ਼ ਹੋ ਗਿਆ ਹੈ। ਨਿਤੀਸ਼ ਕੁਮਾਰ ਕਰੀਬ 2 ਸਾਲਾਂ ਬਾਅਦ ਇੱਕ ਵਾਰ ਫਿਰ ਆਪਣੇ ਪੁਰਾਣੇ ਘਰ ਯਾਨੀ ਐਨਡੀਏ ਵਿੱਚ ਜਾ ਕੇ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਣ ਜਾ ਰਹੇ ਹਨ। ਨਿਤੀਸ਼ ਕੁਮਾਰ ਨੇ ਅਗਸਤ 2022 ਵਿੱਚ ਮਹਾਗਠਜੋੜ ਸਰਕਾਰ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।