ਪਟਿਆਲ਼ਾ : ਸ਼ਹਿਰ ਦੇ ਪਾਵਰਕੌਮ ਦੇ ਮੁੱਖ ਦਫ਼ਤਰ ਦੇ ਸਾਹਮਣੇ ਆਪਣੀਆਂ ਮੰਗਾਂ ਦੇ ਹੱਕ ਵਿਚ ਪਿਛਲੇ ਕਈ ਦਿਨਾਂ ਤੋਂ ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂਆਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਅੱਜ ਤੜਕੇ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਆਈ ਪੁਲਿਸ ਦੀ ਕਿਸਾਨਾਂ ਨਾਲ ਝੜਪ ਵੀ ਹੋਈ ਦੱਸੀ ਜਾ ਰਹੀ ਹੈ।
ਪੁਲਿਸ ਵੱਲੋਂ ਕਿਸਾਨਾਂ ‘ਤੇ ਲਾਠੀਚਾਰਜ ਵੀ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂਆਂ ਨੂੰ ਚੁੱਕਣ ਲਈ ਇਹ ਕਾਰਵਾਈ ਕੀਤੀ, ਪਰੰਤੂ ਕਈ ਹੋਰ ਕਿਸਾਨ ਆਗੂ ਆਪਣੇ ਸਾਥੀਆਂ ਦੇ ਨਾਲ ਹੀ ਗ੍ਰਿਫ਼ਤਾਰੀ ਦੇਣ ਲਈ ਅੜ ਗਏ, ਜਿਸ ਕਾਰਨ ਪੁਲਿਸ ਨੇ ਕਈ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ ਕਿਸਾਨਾਂ ਦਾ ਧਰਨਾ ਪੁਲਿਸ ਨੇ ਅੱਜ ਵੱਡੇ ਤੜਕੇ ਜਬਰੀ ਚੁਕਾ ਦਿੱਤਾ। ਸਵੇਰੇ 6.00 ਵਜੇ ਦੇ ਕਰੀਬ ਆਈ ਜੀ ਮੁਖਵਿੰਦਰ ਸਿੰਘ ਛੀਨਾ ਤੇ ਐੱਸ ਐੱਸ ਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਦੀ ਵੱਡੀ ਟੀਮ ਨੇ ਬਿਜਲੀ ਨਿਗਮ ਦੇ ਬਾਹਰ ਐਕਸ਼ਨ ਕੀਤਾ ਤੇ ਕਿਸਾਨ ਆਗੂਆਂ ਨੂੰ ਪੁਲਿਸ ਚੁੱਕ ਕੇ ਲੈ ਗਈ ਤੇ ਉਹਨਾਂ ਦਾ ਸਮਾਨ ਆਪਣੇ ਨਾਲ ਲੈ ਗਈ।
ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ ਆਪਣੇ ਬੰਦਿਆਂ ਨੂੰ ਕਿਹਾ ਹੈ ਕਿ ਉਹ ਪੁਲਿਸ ਨਾਲ ਕਿਸੇ ਤਰੀਕੇ ਨਾ ਉਲਝਣ। ਪੁਲਿਸ ਨੂੰ ਆਪਣੀ ਰੋਜ਼ੀ ਰੋਟੀ ਬਚਾਉਣ ਵਾਸਤੇ ਸਾਡੇ ’ਤੇ ਲਾਠੀਚਾਰਜ ਕਰਨਾ ਪੈ ਸਕਦਾ ਹੈ, ਉਹਨਾਂ ਦੀ ਮਜਬੂਰੀ ਹੈ।
ਆਈ ਜੀ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਅਸੀਂ ਆਪਣਾ ਅਪਰੇਸ਼ਨ ਮੁਕੰਮਲ ਕਰ ਲਿਆ ਹੈ ਤੇ ਬਿਜਲੀ ਨਿਗਮ ਦੇ ਗੇਟ ਖੋਲ੍ਹ ਦਿੱਤੇ ਹਨ ਤਾਂ ਜੋ ਬਿਜਲੀ ਨਿਗਮ ਦੇ ਅਧਿਕਾਰੀ ਆਪਣਾ ਕੰਮ ਕਰ ਸਕਣ ਤੇ ਝੋਨੇ ਦੇ ਸੀਜ਼ਨ ਲਈ ਬਿਜਲੀ ਸਪਲਾਈ ਦੇ ਸਕਣ। ਉਹਨਾਂ ਦੱਸਿਆ ਕਿ ਜ਼ਖ਼ਮੀ ਹੋ ਚੁੱਕੇ ਕਿਸਾਨ ਆਗੂਆਂ ਨੂੰ ਹਸਪਤਾਲ ਭੇਜਿਆ ਗਿਆ ਹੈ।
ਧਰਨੇ ਦੇ ਟੈਂਟ ਤਕ ਪੁੱਟ ਕੇ ਰਸਤਾ ਸਾਫ਼ ਕਰ ਦਿੱਤਾ ਗਿਆ ਹੈ। ਪਾਵਰਕੌਮ ਦੇ ਅਧਿਕਾਰੀਆਂ ਨੇ ਵੀ ਆਪਣੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਗੇਟ ਖੁੱਲ੍ਹਣ ਬਾਰੇ ਸੂਚਿਤ ਕਰ ਦਿੱਤਾ ਹੈ ਤੇ ਅਧਿਕਾਰੀ ਦਫ਼ਤਰ ਪਹੁੰਚਣੇ ਸ਼ੁਰੂ ਹੋ ਗਏ ਹਨ। ਵੱਖ-ਵੱਖ ਜਥੇਬੰਦੀਆਂ ਵੱਲੋਂ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਨਿਖੇਧੀ ਕੀਤੀ ਗਈ ਹੈ। ਪਿੰਡਾਂ ਵਿਚ ਰੋਡ ਜਾਮ ਕਰਨ ਦਾ ਐਲਾਨ ਕੀਤੇ ਜਾਣ ਲੱਗੇ ਹਨ।
ਦੱਸ ਦੇਈਏ ਕਿ ਬੀਤੇ ਕੁਝ ਦਿਨਾਂ ਤੋਂ ਪਟਿਆਲਾ ਵਿਖੇ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਹੈ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ‘ਤੇ ਬੈਠੇ ਸਨ। ਇਹ ਧਾਰਨਾ ਯੂਨਾਈਟਡ ਕਿਸਾਨ ਮੋਰਚਾ (ਗੈਰ ਸਿਆਸੀ) ਵੱਲੋਂ ਲਾਇਆ ਗਿਆ ਸੀ। ਜੋ ਕਿ ਪਿੱਛਲੇ 6 ਦਿਨਾਂ ਤੋਂ ਪਾਵਰਕਾਮ ਦਾ ਮੁੱਖ ਦਫ਼ਤਰ ਘੇਰੀ ਬੈਠੇ ਸਨ। ਜਥੇਬੰਦੀ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗ ਨਹੀਂ ਮੰਨ ਲੈਂਦੀ।
ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਮੁਖ ਮੰਗਾਂ ਵਿਚੋਂ ਪ੍ਰੀਪੇਡ ਮੀਟਰਾਂ ਦਾ ਫ਼ੈਸਲਾ ਵਾਪਸ ਕਰਵਾਉਣਾ ਸਭ ਤੋਂ ਅਹਿਮ ਸੀ। ਇਸ ਤੋਂ ਇਲਾਵਾ ਕਿਸਾਨਾਂ ਦੀਆਂ ਕੁਝ ਹੋਰ ਮੰਗਾਂ ਵੀ ਸਨ। ਜਿਵੇਂ ਕਿ ਕਿਸਾਨਾਂ ਨੂੰ ਬਿਨਾਂ ਕਿਸੇ ਸ਼ਰਤ 300 ਯੂਨਿਟ ਤੱਕ ਬਿਜਲੀ ਦਾ ਬਿੱਲ ਮੁਆਫ਼ ਕੀਤਾ ਜਾਵੇ। ਖੇਤੀ ਵਰਤੀ ਜਾਂਦੀਆਂ ਮੋਟਰਾਂ ਨੂੰ 24 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇ ਅਤੇ ਇਸ ਦੇ ਨਾਲ ਹੀ ਠੇਕੇਦਾਰੀ ਸਿਸਟਮ ਨੂੰ ਬੰਦ ਕਰ ਦਿੱਤਾ ਜਾਵੇ।