Punjab

ਗੁਰਦੁਆਰਾ ਸ਼੍ਰੀ ਅੰਬ ਸਾਹਿਬ ਦੀ ਜ਼ਮੀਨ ਦੀ ਨਿਲਾਮੀ ਨਾਲ ਜੁੜੀ ਵੱਡੀ ਖਬਰ, ਜ਼ਮੀਨ ਦੀ ਨਿਲਾਮੀ ਹੋਈ ਰੱਦ

Big news related to the auction of Gurdwara Shri Amb Sahib's land...

ਮੁਹਾਲੀ: ਮੁਹਾਲੀ ਦੇ ਇਤਿਹਾਸਕ ਗੁਰਦੁਆਰਾ ਸ਼੍ਰੀ ਅੰਬ ਸਾਹਿਬ (gurudwara amb sahib mohali)ਦੀ ਪਿੰਡ ਸੈਣੀ ਮਾਜਰਾ ਵਿੱਚ ਪੈਂਦੀ 9 ਏਕੜ ਜ਼ਮੀਨ ਦੀ ਅੱਜ ਹੋਣ ਜਾ ਰਹੀ ਨਿਲਾਮੀ ਨੂੰ ਆਖਰਕਾਰ ਰੱਦ ਕਰ ਦਿੱਤਾ ਗਿਆ ਹੈ। ਅੱਜ ਗੁ. ਸਾਹਿਬ ਦੀ ਜ਼ਮੀਨ ਦੀ ਨਿਲਾਮੀ ਬਾਰੇ ਕਮੇਟੀ ਵੱਲੋਂ ਅਖਬਾਰਾਂ ‘ਚ ਇਸ਼ਤਿਹਾਰ ਦਿੱਤੇ ਗਏ ਸੀ,ਜਿਸ ਤੋਂ ਬਾਅਦ ਲੋਕ ਭਲਾਈ ਇਨਸਾਫ ਵੈਲਫੇਅਰ ਕਮੇਟੀ ਦੇ ਕਾਰਕੁੰਨਾਂ ਸਮੇਤ ਮੁਹਾਲੀ ਦੇ ਹੋਰ ਲੋਕ ਇਥੇ ਪਹੁੰਚੇ ਜਿੰਨਾਂ ਨੇ ਗੁਰੂ ਘਰ ਦੀ ਜ਼ਮੀਨ ਦੀ ਨਿਲਾਮੀ ਖਿਲਾਫ ਰੋਸ ਮੁਜ਼ਾਹਰਾ ਕੀਤਾ, ਜਿਸਤੋਂ ਬਾਅਦ ਕਮੇਟੀ ਨੂੰ ਨਿਲਾਮੀ ਰੋਕਣ ਦਾ ਫੈਸਲਾ ਲੈਣ ਲਈ ਮਜ਼ਬੂਰ ਹੋਣਾ ਪਿਆ…

ਗੁਰਦੁਆਰਾ ਸ਼੍ਰੀ ਅੰਬ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਨੇ ਦੱਸਿਆ ਹੈ ਕਿ ਸੰਗਤ ਦੇ ਰੋਸ ਨੂੰ ਦੇਖਦੇ ਹੋਏ ਇਸ ਨਿਲਾਮੀ ਨੂੰ ਹਾਲ ਦੀ ਘੜੀ ਰੋਕ ਦਿੱਤਾ ਗਿਆ ਗਿਆ ਹੈ। ਉਹਨਾਂ ਖੁਲਾਸਾ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡ. ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ ਤੇ ਨਿਲਾਮੀ ਨੂੰ ਰੱਦ ਕੀਤਾ ਗਿਆ ਹੈ। ਮੈਨੇਜਰ ਮੁਤਾਬਕ ਜ਼ਮੀਨ ਦੀ ਨਿਲਾਮੀ ਸਰਕਾਰੀ ਦਬਾਅ ਹੇਠ ਤੇ ਪੁਡਾ ਦੀਆਂ ਹਦਾਇਤਾਂ ਤੋਂ ਬਾਅਦ ਕੀਤੀ ਜਾ ਰਹੀ ਨੇ ਕਿਉਂਕਿ ਪੁਡਾ ਨੇ ਸਾਫ ਕਹਿ ਦਿੱਤਾ ਸੀ ਕਿ ਸਬੰਧਤ ਜ਼ਮੀਨ ਨੂੰ ਇੱਕ ਯੋਜਨਾ ਦੇ ਤਹਿਤ ਐਕਵਾਇਰ ਕੀਤਾ ਗਿਆ ਹੈ ਤੇ ਇਹ ਨਿਲਾਮੀ ਹੋ ਕੇ ਹੀ ਰਹੇਗੀ, ਹਾਲਾਂਕਿ ਮੈਨੇਜਰ ਨੇ ਹੁਣ ਨਿਲਾਮੀ ਨਾ ਕਰਵਾਉਣ ਦਾ ਐਲਾਨ ਕਰਨ ਦੇ ਨਾਲ ਸੰਘਰਸ਼ ਦੀ ਚਿਤਾਵਨੀ ਵੀ ਦੇ ਦਿੱਤੀ।

ਇਸ ਦੌਰਾਨ ਗੁਰਦੁਆਰਾ ਸਾਹਿਬ ਵਿੱਚ ਇਕੱਠੀ ਹੋਈ ਸੰਗਤ ਨੇ ਮੰਗ ਕੀਤੀ ਕਿ ਇਸ ਜ਼ਮੀਨ ਤੇ ਹਸਪਤਾਲ ਬਣਾਇਆ ਜਾਣਾ ਚਾਹਿਦਾ ਹੈ ਤਾਂ ਜੋ ਆਮ ਲੋਕਾਂ ਦਾ ਭਲਾ ਹੋ ਸਕੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਰੋਧ ਵਿੱਚ ਪਹੁੰਚੇ ਲੋਕ ਭਲਾਈ ਇਨਸਾਫ ਵੈਲਫੇਅਰ ਪਾਰਟੀ (ਭਾਈ ਬਲਦੇਵ ਸਿੰਘ ਸਿਰਸਾ ਜਥੇਬੰਦੀ) ਦੇ ਮੁਹਾਲੀ ਯੂਨੀਟ ਦੇ ਸੇਵਾਦਾਰ ਭਾਈ ਸੁਰਿੰਦਰ ਸਿੰਘ ਨੇ ਵੀ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਗੁਰਦੁਆਰਿਆਂ ਦੇ ਪ੍ਰਬੰਧ ਤੇ ਉਹਨਾਂ ਦੇ ਦੇਖਭਾਲ ਦਾ ਕੰਮ ਹੈ, ਨਾ ਕਿ ਉਹਨਾਂ ਨੂੰ ਵੇਚਣ ਦਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 23 ਸਤੰਬਰ ਨੂੰ ਗੁਰਦੁਆਰਾ ਸਾਹਿਬ ਦੀ ਪਿੰਡ ਸੈਣੀਮਾਜਰਾ ਵਿੱਚ ਸਥਿਤ ਜ਼ਮੀਨ ਦੀ ਨਿਲਾਮੀ ਕਰਨ ਸਬੰਧੀ ਇਸ਼ਤਿਹਾਰ ਕੱਢਿਆ ਸੀ। ਜਿਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਨਕ ਮੈਂਬਰ ਹਰਦੀਪ ਸਿੰਘ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਹੈ ਇਸਤੋਂ ਪਹਿਲਾਂ 24 ਸਤੰਬਰ ਨੂੰ SGPC ਚੋਣਾਂ ਦੀ ਮੰਗ ਨੂੰ ਲੈ ਕੇ ਕੀਤੇ ਗਏ ਇਕੱਠ ਦਰਮਿਆਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਵੀ ਇਸ ਨਿਲਾਮੀ ਨੂੰ ਲੈ ਕੇ ਸੰਗਤਾਂ ਨੂੰ ਚੇਤੰਨ ਕੀਤਾ ਸੀ

ਮੈਨੇਜਰ ਵੱਲੋਂ ਅਖਬਾਰ ਚ ਦਿਤੇ ਇਸ਼ਤਿਹਾਰ ਰਾਹੀਂ ਜ਼ਮੀਨ ਦੀ ਨਿਲਾਮੀ ਚ ਪਹੁੰਚਣ ਵਾਲੇ ਬੋਲੀਕਾਰਾਂ ਨੂੰ 50 ਲੱਖ ਰੁਪਏ ਦਾ ਡਰਾਫਟ ਵੀ ਸਕਿਉਰਿਟੀ ਦੇ ਨਾਂ ਤੇ ਜਮਾਂ ਕਰਵਾਉਣ ਲਈ ਕਿਹਾ ਗਿਆ ਸੀ, ਪਰ ਹਾਲ ਦੀ ਘੜੀ ਗੁਰੂ ਘਰ ਦੀ ਜ਼ਮੀਨ ਨਿਲਾਮ ਹੋਣ ਤੋਂ ਬਚ ਗਈ ਹੈ।