ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ 22 ਜਨਵਰੀ 2026 ਨੂੰ ਸਾਬਕਾ ਕਾਂਗਰਸੀ ਨੇਤਾ ਅਤੇ ਸੰਸਦ ਮੈਂਬਰ ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਨਾਲ ਜੁੜੇ ਇੱਕ ਮਹੱਤਵਪੂਰਨ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਇਹ ਮਾਮਲਾ ਦਿੱਲੀ ਦੇ ਜਨਕਪੁਰੀ ਅਤੇ ਵਿਕਾਸਪੁਰੀ ਇਲਾਕਿਆਂ ਵਿੱਚ 1 ਅਤੇ 2 ਨਵੰਬਰ 1984 ਨੂੰ ਵਾਪਰੀ ਹਿੰਸਾ ਨਾਲ ਸਬੰਧਤ ਸੀ, ਜਿਸ ਵਿੱਚ ਕੁੱਲ ਦੋ ਸਿੱਖਾਂ ਦੀ ਮੌਤ ਹੋਈ ਸੀ। ਜਨਕਪੁਰੀ ਵਿੱਚ ਸੋਹਣ ਸਿੰਘ ਅਤੇ ਉਸ ਦੇ ਜਵਾਈ ਅਵਤਾਰ ਸਿੰਘ ਨੂੰ ਮਾਰ ਦਿੱਤਾ ਗਿਆ ਸੀ, ਜਦਕਿ ਵਿਕਾਸਪੁਰੀ ਵਿੱਚ ਗੁਰਚਰਨ ਸਿੰਘ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ।
ਪੂਰਾ ਮਾਮਲਾ ਕੀ ਹੈ?
ਫਰਵਰੀ 2015 ਵਿੱਚ ਵਿਸ਼ੇਸ਼ ਜਾਂਚ ਟੀਮ (SIT) ਨੇ ਇਨ੍ਹਾਂ ਘਟਨਾਵਾਂ ਦੀ ਜਾਂਚ ਤੋਂ ਬਾਅਦ ਸੱਜਣ ਕੁਮਾਰ ਵਿਰੁੱਧ ਦੋ ਵੱਖਰੀਆਂ FIR ਦਰਜ ਕੀਤੀਆਂ ਸਨ। ਇਨ੍ਹਾਂ ਵਿੱਚ ਉਸ ‘ਤੇ ਭੀੜ ਨੂੰ ਉਕਸਾਉਣ, ਹਿੰਸਾ ਭੜਕਾਉਣ ਅਤੇ ਹੱਤਿਆ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਸਨ। ਲੰਬੀ ਅਦਾਲਤੀ ਕਾਰਵਾਈ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਣਾਇਆ ਕਿ ਪ੍ਰੋਸੀਕਿਊਸ਼ਨ ਵੱਲੋਂ ਸੱਜਣ ਕੁਮਾਰ ਨਾਲ ਹਿੰਸਾ ਜਾਂ ਕਤਲਾਂ ਨੂੰ ਜੋੜਨ ਵਾਲਾ ਕੋਈ ਮਜ਼ਬੂਤ ਸਬੂਤ ਪੇਸ਼ ਨਹੀਂ ਕੀਤਾ ਗਿਆ। ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ। ਸੁਣਵਾਈ ਦੌਰਾਨ ਸੱਜਣ ਕੁਮਾਰ ਨੇ ਆਪਣਾ ਬਚਾਅ ਕਰਦਿਆਂ ਕਿਹਾ ਸੀ ਕਿ ਉਹ ਬੇਕਸੂਰ ਹੈ, ਕਦੇ ਹਿੰਸਾ ਵਿੱਚ ਸ਼ਾਮਲ ਨਹੀਂ ਹੋਇਆ ਅਤੇ ਇੱਕ ਵੀ ਸਬੂਤ ਉਸ ਵਿਰੁੱਧ ਨਹੀਂ ਹੈ। ਫੈਸਲੇ ਤੋਂ ਬਾਅਦ ਉਸ ਨੇ ਹੱਥ ਜੋੜ ਕੇ ਅਦਾਲਤ ਦਾ ਧੰਨਵਾਦ ਕੀਤਾ।
ਇਸ ਫੈਸਲੇ ਦਾ ਪ੍ਰਭਾਵ ਸੀਮਤ ਹੈ ਕਿਉਂਕਿ ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਨਾਲ ਜੁੜੇ ਹੋਰ ਵੱਖਰੇ ਮਾਮਲਿਆਂ ਵਿੱਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਹੈ। ਉਹ ਜੇਲ੍ਹ ਵਿੱਚ ਹੀ ਰਹੇਗਾ ਅਤੇ ਇਸ ਬਰੀ ਹੋਣ ਨਾਲ ਉਸ ਦੀ ਰਿਹਾਈ ‘ਤੇ ਕੋਈ ਅਸਰ ਨਹੀਂ ਪਵੇਗਾ।
1984 ਦੇ ਸਿੱਖ ਕਤਲੇਆਮ
1984 ਦੇ ਸਿੱਖ ਕਤਲੇਆਮ ਭਾਰਤੀ ਇਤਿਹਾਸ ਦਾ ਇੱਕ ਦੁਖਦਾਈ ਅਧਿਆਇ ਹਨ। 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਿੱਖ ਅੰਗ ਰੱਖਿਅਕਾਂ ਵੱਲੋਂ ਕਤਲ ਤੋਂ ਬਾਅਦ ਦਿੱਲੀ ਸਮੇਤ ਕਈ ਸ਼ਹਿਰਾਂ ਵਿੱਚ ਸਿੱਖਾਂ ਵਿਰੁੱਧ ਵਿਆਪਕ ਹਿੰਸਾ ਭੜਕ ਗਈ। ਤਿੰਨ-ਚਾਰ ਦਿਨ ਚੱਲੀ ਇਸ ਹਿੰਸਾ ਵਿੱਚ ਘਰ ਸਾੜੇ ਗਏ, ਦੁਕਾਨਾਂ ਲੁੱਟੀਆਂ ਗਈਆਂ ਅਤੇ ਹਜ਼ਾਰਾਂ ਸਿੱਖ ਮਾਰੇ ਗਏ। ਸਰਕਾਰੀ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਲਗਭਗ 2,800 ਅਤੇ ਦੇਸ਼ ਭਰ ਵਿੱਚ 3,000 ਤੋਂ ਵੱਧ ਸਿੱਖ ਮਾਰੇ ਗਏ, ਪਰ ਕਈ ਰਿਪੋਰਟਾਂ ਅਨੁਸਾਰ ਅਸਲ ਅੰਕੜਾ 8,000 ਤੋਂ 17,000 ਤੱਕ ਹੋ ਸਕਦਾ ਹੈ।
ਕਈ ਰਿਪੋਰਟਾਂ ਵਿੱਚ ਸਿਆਸਤਦਾਨਾਂ ਅਤੇ ਪੁਲਿਸ ਦੀ ਮਿਲੀਭੁਗਤ ਦਾ ਜ਼ਿਕਰ ਵੀ ਹੈ। ਇਹ ਘਟਨਾ ਸਿੱਖ ਭਾਈਚਾਰੇ ਲਈ ਅਜੇ ਵੀ ਦਰਦਨਾਕ ਹੈ ਅਤੇ ਬਹੁਤ ਸਾਰੇ ਪਰਿਵਾਰ ਅੱਜ ਵੀ ਪੂਰਾ ਇਨਸਾਫ਼ ਉਡੀਕ ਰਹੇ ਹਨ। ਇਸ ਤਰ੍ਹਾਂ ਦੇ ਫੈਸਲੇ ਇਨਸਾਫ਼ ਦੀ ਉਡੀਕ ਨੂੰ ਹੋਰ ਲੰਬਾ ਕਰ ਸਕਦੇ ਹਨ।

