‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ਜੰਗਲ ਨੂੰ ਕੱਟ ਕੇ ਟੈਕਸਟਾਈਲ ਪਾਰਕ ਬਣਾਉਣ ਦੇ ਵਿਰੋਧ ਵਿੱਚ ਵੱਡੇ ਪੱਧਰ ‘ਤੇ ਛਿੜੇ ਸੰਘਰਸ਼ ਵਿੱਚੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਪਬਲਿਕ ਐਕਸ਼ਨ ਕਮੇਟੀ ਦੀ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੀਟਿੰਗ ਤੈਅ ਹੋ ਗਈ ਹੈ।
ਇਸ ਮੀਟਿੰਗ ਤੋਂ ਬਾਅਦ ਹੀ ਸੰਘਰਸ਼ ਦੀ ਅਗਲੀ ਰੂਪ ਰੇਖਾ ਤੈਅ ਕੀਤੀ ਜਾਵੇਗੀ। ਪਬਲਿਕ ਐਕਸ਼ਨ ਕਮੇਟੀ ਵਿੱਚ ਸੇਖੋਵਾਲ ਪਿੰਡ ਦੇ ਵਾਸੀ ਅਤੇ ਕਈ ਵਾਤਾਵਰਣ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਹਨ।
ਅੱਜ ਕਿਸਾਨਾਂ ਸਮੇਤ ਹੋਰ ਕਈ ਜਥੇਬੰਦੀਆਂ ਮੱਤੇਵਾੜਾ ਜੰਗਲ ਨੂੰ ਬਚਾਉਣ ਦੇ ਲਈ ਉੱਥੇ ਪਹੁੰਚ ਰਹੀਆਂ ਹਨ। ਪੰਜਾਬ ਦੇ ਕੋਨੇ-ਕੋਨੇ ਤੋਂ ਵੱਡੀ ਗਿਣਤੀ ਵਾਤਾਵਰਣ ਪ੍ਰੇਮੀ ਮੱਤੇਵਾੜਾ ਪਹੁੰਚੇ ਹੋਏ ਹਨ। ਇਸ ਰੋਸ ਧਰਨੇ ਦਾ ਸੱਦਾ ਪਬਲਿਕ ਐਕਸ਼ਨ ਕਮੇਟੀ ਮੱਤੇਵਾੜਾ, ਸਤਲੁਜ, ਬੁੱਢਾ ਨਾਲਾ ਵੱਲੋਂ ਦਿੱਤਾ ਗਿਆ ਸੀ।
ਪ੍ਰਦਰਸ਼ਨ ਕਰਨ ਵਾਲਿਆਂ ਦਾ ਤਰਕ ਹੈ ਕਿ ਮੈਗਾ ਟੈਕਸਟਾਈਲ ਪ੍ਰਾਜੈਕਟ ਨਾਲ ਹਜ਼ਾਰਾਂ ਏਕੜ ਜੰਗਲਾਂ ਅਤੇ ਸਤਲੁਜ ਦਰਿਆ ਦਾ ਵੱਡਾ ਇਲਾਕਾ ਪ੍ਰਭਾਵਿਤ ਹੋਵੇਗਾ।
ਇਸ ਦੇ ਨਾਲ ਉਜਾੜਾ ਹੋਵੇਗਾ, ਜਿਸ ਨਾਲ ਸਿਰਫ ਮਨੁੱਖ ਹੀ ਨਹੀਂ ਬਲਕਿ ਪਸ਼ੂ, ਪੰਛੀ ਤੇ ਹੋਰ ਜੀਵ ਵੀ ਪ੍ਰਭਾਵਿਤ ਹੋਣਗੇ। ਵਾਤਾਵਰਣ ਪ੍ਰੇਮੀਆਂ ਨੇ ਪੰਜਾਬ ਸਰਕਾਰ ਨੂੰ ਇਹ ਪ੍ਰੋਜੈਕਟ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ।