ਅਮਰੀਕਾ ਦੇ ਨਿਊਯਾਰਕ ਪੁਲਿਸ ਵਿਭਾਗ ਨੇ ਇੱਕ ਸਿੱਖ ਫੌਜੀ ਨੂੰ ਦਾੜ੍ਹੀ ਰੱਖਣ ਤੋਂ ਰੋਕ ਦਿੱਤਾ ਹੈ। ਨਿਊਯਾਰਕ ਵਿਚ ਇਕ ਸਿੱਖ ਪੁਲਿਸ ਅਧਿਕਾਰੀ ਨੂੰ ਵਿਆਹ ਵਾਸਤੇ ਦਾੜ੍ਹੀ ਵਧਾਉਣ ਤੋਂ ਰੋਕੇ ਜਾਣ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਦੇਸ਼ ਵਿਚ 2019 ਦੇ ਕਾਨੂੰਨ ਮੁਤਾਬਕ ਧਾਰਮਿਕ ਆਜ਼ਾਦੀ ਦਿੱਤੀ ਗਈ ਹੈ।
ਚਰਨਜੋਤ ਟਿਵਾਣਾ ਛੇ ਸਾਲਾਂ ਤੋਂ ਪੁਲਿਸ ਵਿਚ ਸੇਵਾਵਾਂ ਦੇ ਰਿਹਾ ਹੈ। ਉਹ ਵਿਆਹ ਵਾਸਤੇ ਦਾੜ੍ਹੀ ਵਧਾਉਣਾ ਚਾਹੁੰਦਾ ਹੈ ਪਰ ਸੁਰੱਖਿਆ ਕਾਰਨਾਂ ਕਰ ਕੇ ਉਸਨੂੰ ਇਸਦੀ ਇਜਾਜ਼ਤ ਨਹੀਂ ਦਿੱਤੀ ਗਈ। ਇਹ ਜਾਣਕਾਰੀ ਨਿਊਯਾਰਕ ਸਟੇਟ ਟਰੂਪਰਜ਼ ਪੁਲਿਸ ਬੈਨੇਵੋਲੈਂਟ ਐਸੋਸੀਏਸ਼ਨ ਨੇ ਸਾਂਝੀ ਕੀਤੀ ਹੈ।
ਨਿਊਯਾਰਕ ਸਟੇਟ ਪੁਲਿਸ ਦੇ ਬੁਲਾਰੇ ਨੇ ਵਿਵਾਦ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕੀਤੀ ਹੈ ਹਾਲਾਂਕਿ ਉਹਨਾਂ ਦਾੜ੍ਹੀ ਵਧਾਉਣ ਬਾਰੇ ਟਿਵਾਣਾ ਦੀ ਬੇਨਤੀ ਆਈ ਹੋਣ ਦੀ ਪੁਸ਼ਟੀ ਕੀਤੀ ਹੈ। ਬੁਲਾਰੇ ਨੇ ਦੱਸਿਆ ਕਿ ਪੁਲਿਸ ਦਸਤਾਰ ਨੀਤੀ ’ਤੇ ਕੰਮ ਕਰ ਰਹੀ ਹੈ।
2022 ਵਿਚ ਇਕ ਫੈਡਰਲ ਕੋਰਟ ਨੇ ਹੁਕਮ ਦਿੱਤਾ ਸੀ ਕਿ ਮੈਰੀਨ ਕਾਰਪਸ ਭਰਤੀ ਹੋਏ ਸਿੱਖ ਮੁਲਾਜ਼ਮਾਂ ਨੂੰ ਦਾੜ੍ਹੀ ਰੱਖਣ ਤੇ ਦਸਤਾਰ ਸਜਾਉਣ ਤੋਂ ਨਹੀਂ ਰੋਕ ਸਕਦੀ।
ਇਸ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਮਰੀਕਾ ਦੇ ਨਿਯਮਾਂ ਦੀ ਸਖ਼ਤ ਆਲੋਚਨਾ ਕੀਤੀ ਹੈ। ਗਿਆਨੀ ਰਘਬੀਰ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਮਰੀਕਾ ਦੇ ਸਰਬਪੱਖੀ ਵਿਕਾਸ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅਮਰੀਕੀ ਰਾਜਨੀਤੀ ਤੋਂ ਲੈ ਕੇ ਸੁਰੱਖਿਆ, ਤਕਨਾਲੋਜੀ ਅਤੇ ਵਿਗਿਆਨ ਤੱਕ ਸਿੱਖਾਂ ਨੇ ਆਪਣੀ ਪ੍ਰਤਿਭਾ, ਮਿਹਨਤ ਅਤੇ ਇਮਾਨਦਾਰੀ ਨਾਲ ਬਹੁਤ ਤਰੱਕੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਕਾਫੀ ਸਮਾਂ ਪਹਿਲਾਂ ਸਿੱਖਾਂ ਨੇ ਆਪਣੀ ਸਿੱਖ ਦਿੱਖ ਨਾਲ ਅਮਰੀਕੀ ਫੌਜ ਅਤੇ ਸਿਵਲ ਸੇਵਾਵਾਂ ਵਿਚ ਸੇਵਾ ਕਰਨ ਦੀ ਕਾਨੂੰਨੀ ਲੜਾਈ ਜਿੱਤ ਲਈ ਸੀ, ਜਿਸ ਤੋਂ ਬਾਅਦ ਸਿੱਖਾਂ ਨੂੰ ਧਾਰਮਿਕ ਆਜ਼ਾਦੀ ਨਾਲ ਹਰ ਖੇਤਰ ਵਿਚ ਘੁੰਮਣ-ਫਿਰਨ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਨਿਊਯਾਰਕ ਪੁਲਿਸ ਵਿਭਾਗ ਵੱਲੋਂ ਇਸ ਨੂੰ ਰੋਕਣਾ ਹੈਰਾਨ ਕਰਨ ਵਾਲਾ ਹੈ।