Punjab

ਬਹਿਬਲ ਕਲਾਂ ਮੋਰਚਾ ਖ਼ਤਮ ਹੋਣ ਦੀ ਸੰਭਾਵਨਾ,ਸ਼ੁਕਰਾਨਾ ਸਮਾਗਮ ਤੋਂ ਬਾਅਦ ਐਲਾਨੀ ਜਾਵੇਗੀ ਅਗਲੀ ਰਣਨੀਤੀ

ਬਹਿਬਲ ਕਲਾਂ : ਪਿਛਲੇ ਲੰਮੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਉੱਤੇ ਇਨਸਾਫ਼ ਦੇ ਲਈ ਲੱਗੇ ਬਹਿਬਲ ਕਲਾਂ ਮੋਰਚੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਵਿੱਚ ਹੋਈ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀਕਾਂਡ ਦੇ ਵਿੱਚ ਨਵੀਂ ਸਿੱਟ ਵੱਲੋਂ ਪੇਸ਼ ਕੀਤੇ ਗਏ ਚਲਾਨ ਤੋਂ ਬਾਅਦ ਮੋਰਚਾ ਸਮਾਪਤ ਹੋਣ ਦੀ ਸੰਭਾਵਨਾ ਬਣ ਗਈ ਹੈ। ਮੋਰਚੇ ਦੀ ਅਗਵਾਈ ਕਰ ਰਹੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਸਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀਆਂ ਮੰਗਾਂ ਦੀ ਪੂਰਤੀ ਲਈ ਗੁਰੂ ਸਾਹਿਬ ਜੀ ਦੇ ਸ਼ੁਕਰਾਨੇ ਲਈ 2 ਮਾਰਚ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ 4 ਮਾਰਚ ਨੂੰ ਭੋਗ ਪਾਏ ਜਾਣਗੇ। ਇਸ ਤੋਂ ਅਗਲੇ ਦਿਨ 5 ਮਾਰਚ ਨੂੰ ਸਵੇਰੇ 10 ਵਜੇ ਮੋਰਚੇ ਤੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ੁਕਰਾਨੇ ਦੀ ਅਰਦਾਸ ਲਈ ਕਾਫ਼ਲੇ ਦੇ ਰੂਪ ਵਿੱਚ ਪਹੁੰਚਿਆ ਜਾਵੇਗਾ। ਨਿਆਮੀਵਾਲਾ ਨੇ ਸਾਰੀ ਸੰਗਤ ਨੂੰ ਬੇਨਤੀ ਕੀਤੀ ਕਿ 4 ਮਾਰਚ ਨੂੰ ਸੰਗਤ ਮੋਰਚੇ ਵਿੱਚ ਸ਼ਮੂਲੀਅਤ ਕਰੇ ਅਤੇ 5 ਮਾਰਚ ਨੂੰ ਆਪਣੇ ਆਪਣੇ ਸਾਧਨਾਂ ਉੱਤੇ ਸ਼੍ਰੀ ਦਰਬਾਰ ਸਾਹਿਬ ਨੂੰ ਚਾਲੇ ਪਾਉਣ। ਨਿਆਮੀਵਾਲਾ ਨੇ ਦੱਸਿਆ ਕਿ 4 ਮਾਰਚ ਨੂੰ ਹੀ ਮੋਰਚੇ ਨੂੰ ਲੈ ਕੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਮੋਰਚੇ ਵਾਲੀ ਥਾਂ ਉਤੇ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇਅ ਦੇ ਇੱਕ ਪਾਸੇ ਦੇ ਬੰਦ ਰਾਹ ਤੋਂ ਰੋਕਾਂ ਹਟਾ ਦਿੱਤੀਆਂ ਗਈਆਂ ਸਨ, ਯਾਨਿ ਕਿ ਦੋਵੇਂ ਪਾਸੇ ਦੀ ਆਵਾਜਾਈ ਪ੍ਰਦਰਸ਼ਨਕਾਰੀਆਂ ਨੇ ਮੁਕੰਮਲ ਤੌਰ ਉੱਤੇ ਖੋਲ ਦਿੱਤੀ ਗਈ ਸੀ। ਨਿਆਮੀਵਾਲਾ ਨੇ ਸਿੱਟ ਦੇ ਚਲਾਨ ਤੋਂ ਬਾਅਦ ਕਿਹਾ ਸੀ ਕਿ ਭਾਵੇਂ ਮੋਰਚੇ ਦੇ ਮੰਚ ਤੋਂ ਸਰਕਾਰ ਦੀ ਮਨਸ਼ਾ ਉੱਤੇ ਸ਼ੱਕ ਦੀਆਂ ਉਂਗਲਾਂ ਉੱਠਦੀਆਂ ਰਹੀਆਂ ਸਨ ਪਰ ਸਾਜਿਸ਼ਕਾਰਾਂ ਨੂੰ ਕੇਸ ਵਿੱਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਯਕੀਨ ਹੋਇਆ ਹੈ ਕਿ ਸਰਕਾਰ ਆਪਣੇ ਵਾਅਦੇ ਉੱਤੇ ਪੂਰੀ ਉੱਤਰੀ ਹੈ। ਨਿਆਮੀਵਾਲਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਉਨ੍ਹਾਂ ਨੂੰ ਚੜਦੀਕਲਾ ਵਿੱਚ ਰੱਖਣ।

ਉਹਨਾਂ ਨੇ ਕਿਹਾ ਕਿ ਕੇਸ ਨੂੰ ਮੌਜੂਦਾ ਮੁਕਾਮ ਉੱਤੇ ਲਿਜਾਣ ਲਈ ਲੋਕਾਂ ਦਾ ਵੱਡਾ ਸਹਿਯੋਗ ਰਿਹਾ ਹੈ ਅਤੇ ਇਸ ਨਾਲ ਸਰਕਾਰ ਦਾ ਵੀ ਲੋਕਾਂ ਵਿੱਚ ਭਰੋਸਾ ਬਹਾਲ ਹੋਇਆ ਹੈ। ਨਿਆਮੀਵਾਲਾ ਨੇ ਮੋਰਚੇ ਦੇ ਸਾਰੇ ਸਹਿਯੋਗੀਆਂ ਅਤੇ ਦਰਦਮੰਦਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਅੱਠ ਸਾਲ ਤੋਂ ਜਿਨ੍ਹਾਂ ਵਿਅਕਤੀਆਂ ਨੂੰ ਦੋਸ਼ੀ ਕਹਿੰਦੇ ਆ ਰਹੇ ਸਨ, ਅਖੀਰ ਵਿੱਚ ਉਨ੍ਹਾਂ ਬੰਦਿਆਂ ਨੂੰ ਸਿੱਟ ਨੇ ਕੇਸ ਵਿੱਚ ਨਾਮਜ਼ਦ ਕੀਤਾ ਹੈ।

12 ਅਕਤੂਬਰ 2015 ਨੂੰ ਫਰੀਦਕੋਟ ਦੇ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਖਿਲਾਰੇ ਗਏ ਸੀ ,ਜਿਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਹੋਏ। ਇਸ ਦੌਰਾਨ 14 ਅਕਤੂਬਰ ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਪੁਲੀਸ ਨੇ ਪ੍ਰਦਰਸ਼ਨਕਾਰੀਆਂ ’ਤੇ ਗੋਲੀਆਂ ਚਲਾਈਆਂ। ਇਸ ਵਿੱਚ ਦੋ ਵਿਅਕਤੀ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਮਾਰੇ ਗਏ ਸਨ। ਇਸ ਸਬੰਧੀ ਪੰਜਾਬ ਪੁਲਿਸ ਦੀਆਂ ਦੋ ਐਸਆਈਟੀ, ਦੋ ਕਮਿਸ਼ਨ ਅਤੇ ਸੀਬੀਆਈ ਨੇ ਜਾਂਚ ਕੀਤੀ ਸੀ।