ਜੇਕਰ ਤੁਸੀਂ ਸਰਕਾਰੀ ਬੱਸਾਂ ‘ਚ ਸਫਰ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਅੱਜ ਤੋਂ ਪੂਰੇ ਪੰਜਾਬ ‘ਚ ਅਣਮਿੱਥੇ ਸਮੇਂ ਲਈ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। ਪੰਜਾਬ ਦੇ ਸਰਕਾਰੀ ਬੱਸ ਟਰਾਂਸਪੋਰਟ PRTC, PUNBUS ਅਤੇ ਪੰਜਾਬ ਰੋਡਵੇਜ਼ ਦੀਆਂ ਲਗਭਗ 3,000 ਬੱਸਾਂ ਅੱਜ ਤੋਂ ਸੜਕਾਂ ‘ਤੇ ਨਹੀਂ ਚੱਲਣਗੀਆਂ। PRTC, PUNBUS ਅਤੇ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਦੀਆਂ ਯੂਨੀਅਨਾਂ ਨੇ ਹੜਤਾਲ ਦਾ ਐਲਾਨ ਕੀਤਾ ਹੈ। ਇਸ ਕਾਰਨ ਯਾਤਰੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਸਰਕਾਰ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਅਜੇ ਤੱਕ ਕੋਈ ਹੱਲ ਨਹੀਂ ਲੱਭਿਆ ਹੈ।
ਕਿਲੋਮੀਟਰ ਸਕੀਮ ਤਹਿਤ ਬੱਸ ਪਰਮਿਟ ਦੇਣ ਲਈ ਪ੍ਰਾਈਵੇਟ ਕੰਪਨੀਆਂ ਨੂੰ ਟੈਂਡਰ ਜਾਰੀ ਕਰਨ ਦੇ ਮੁੱਦੇ ‘ਤੇ ਸੂਬਾ ਸਰਕਾਰ ਅਤੇ ਕਰਮਚਾਰੀ ਯੂਨੀਅਨਾਂ ਵਿਚਕਾਰ ਗੱਲਬਾਤ ਬੇਸਿੱਟਾ ਰਹਿਣ ‘ਤੇ ਹੜਤਾਲ ਦਾ ਐਲਾਨ ਕੀਤਾ ਗਿਆ। ਯੂਨੀਅਨਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਹੜਤਾਲ ਜਾਰੀ ਰਹੇਗੀ।
ਪੀਆਰਟੀਸੀ, ਪਨਬਸ ਅਤੇ ਪੰਜਾਬ ਰੋਡਵੇਜ਼ ਕੰਟਰੈਕਟ ਵਰਕਰਜ਼ ਯੂਨੀਅਨਾਂ ਦੇ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਨੇ ਦੋਸ਼ ਲਗਾਇਆ ਕਿ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ਪੂਰੀਆਂ ਨਹੀਂ ਕੀਤੀਆਂ ਹਨ। ਯੂਨੀਅਨਾਂ ਨੇ ਪ੍ਰਾਈਵੇਟ ਕੰਪਨੀਆਂ ਨੂੰ ਪਰਮਿਟ ਦੇਣ ਦੀ ਪ੍ਰਕਿਰਿਆ ਨੂੰ ਰੱਦ ਕਰਨ ਦੀ ਆਪਣੀ ਮੰਗ ਨੂੰ ਵੀ ਦੁਹਰਾਇਆ ਹੈ।
ਕਰਮਚਾਰੀਆਂ ਦਾ ਦੋਸ਼ ਹੈ ਕਿ ਸਰਕਾਰ ਨੇ ਕਿਲੋਮੀਟਰ ਸਕੀਮ ਦੀਆਂ ਬੱਸਾਂ ਦੇ ਟੈਂਡਰ ਰੱਦ ਕਰਨ, ਤਨਖਾਹ ਨੂੰ ਅੰਤਿਮ ਰੂਪ ਦੇਣ ਅਤੇ ਮੰਨੀਆਂ ਗਈਆਂ ਮੰਗਾਂ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਪੱਤਰ ਜਾਰੀ ਨਹੀਂ ਕੀਤਾ ਹੈ। ਇਸੇ ਲਈ ਉਨ੍ਹਾਂ ਨੇ ਇਹ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਹੈ। ਸਾਰੇ ਕਰਮਚਾਰੀ ਆਪਣੀਆਂ ਬੱਸਾਂ ਨਜ਼ਦੀਕੀ ਬੱਸ ਅੱਡੇ ‘ਤੇ ਰੋਕ ਦੇਣਗੇ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਜਲਦੀ ਕਾਰਵਾਈ ਨਹੀਂ ਕੀਤੀ ਤਾਂ ਉਹ ਬੱਸਾਂ ਸੜਕ ‘ਤੇ ਖੜ੍ਹੀਆਂ ਕਰਕੇ ਸੜਕ ਜਾਮ ਕਰ ਦੇਣਗੇ।
ਦੱਸ ਦਈਏ ਕਿ ਪੀਆਰਟੀਸੀ ਦੀਆਂ ਬੱਸਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਦਿੱਲੀ, ਰਾਜਸਥਾਨ, ਉਤਰਾਖੰਡ ਅਤੇ ਉਤਰਾਖੰਡ ਸਮੇਤ 577 ਰੂਟਾਂ ‘ਤੇ ਚੱਲਦੀਆਂ ਹਨ। ਇਹ ਰੋਜ਼ਾਨਾ ਲਗਭਗ 355827 ਕਿਲੋਮੀਟਰ ਦਾ ਸਫ਼ਰ ਤੈਅ ਕਰਦੀਆਂ ਹਨ। ਇੱਥੇ ਕੁੱਲ 3065 ਕਰਮਚਾਰੀ ਹਨ ,ਜਿਨ੍ਹਾਂ ਵਿੱਚੋਂ 1310 ਨਿਯਮਤ ਕਰਮਚਾਰੀ ਹਨ ਅਤੇ 1755 ਆਊਟਸੋਰਸਿੰਗ ਕਰਮਚਾਰੀ ਹਨ। ਇਸ ਦੇ ਨਾਲ ਹੀ ਇਨ੍ਹਾਂ ਬੱਸਾਂ ਦੇ ਨਾ ਚੱਲਣ ਨਾਲ ਆਮ ਲੋਕ ਸਭ ਤੋਂ ਵੱਧ ਪ੍ਰੇਸ਼ਾਨ ਹੋਣਗੇ।