Punjab

ਪੰਜਾਬ ’ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ, ਸੂਬੇ ਭਰ ’ਚ ਬੱਸਾਂ ਰਹਿਣਗੀਆਂ ਬੰਦ

ਮੁਹਾਲੀ : ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕੰਟਰੈਕਟ ਮੁਲਾਜ਼ਮ ਯੂਨੀਅਨ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮੰਗਲਵਾਰ ਅੱਧੀ ਰਾਤ ਤੋਂ 11 ਜੁਲਾਈ ਤੱਕ ਹੜਤਾਲ ਸ਼ੁਰੂ ਕੀਤੀ ਹੈ। ਇਸ ਨਾਲ ਸਰਕਾਰ ਵਿਰੁੱਧ ਮੋਰਚਾ ਖੋਲ੍ਹਦੇ ਹੋਏ 3000 ਤੋਂ ਵੱਧ ਸਰਕਾਰੀ ਬੱਸਾਂ ਸੜਕਾਂ ਤੋਂ ਗਾਇਬ ਹੋ ਗਈਆਂ। ਹਾਲਾਂਕਿ, ਵਿਭਾਗ ਦੇ ਸਥਾਈ ਡਰਾਈਵਰ ਕੁਝ ਬੱਸਾਂ ਚਲਾ ਰਹੇ ਹਨ, ਪਰ ਹਰ ਡਿਪੂ ਤੋਂ ਸੀਮਤ ਬੱਸਾਂ ਹੀ ਚੱਲਣ ਦੀ ਸੰਭਾਵਨਾ ਹੈ।

ਹੜਤਾਲ ਕਾਰਨ ਬੱਸਾਂ ਦੀ ਆਵਾਜਾਈ ਵਿੱਚ ਭਾਰੀ ਕਮੀ ਆਈ, ਖਾਸਕਰ ਸ਼ਾਮ ਤੋਂ ਬਾਅਦ ਜਦੋਂ ਕਰਮਚਾਰੀਆਂ ਨੇ ਲੰਬੀ ਦੂਰੀ ਦੇ ਰੂਟਾਂ ‘ਤੇ ਬੱਸਾਂ ਚਲਾਉਣੀਆਂ ਬੰਦ ਕਰ ਦਿੱਤੀਆਂ। ਇਸ ਨਾਲ ਦਿੱਲੀ, ਹਰਿਆਣਾ, ਹਿਮਾਚਲ, ਉਤਰਾਖੰਡ ਅਤੇ ਰਾਜਸਥਾਨ ਜਾਣ ਵਾਲੇ ਯਾਤਰੀਆਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਸਰਕਾਰੀ ਬੱਸਾਂ ਦੀ ਗੈਰ-ਹਾਜ਼ਰੀ ਕਾਰਨ ਪ੍ਰਾਈਵੇਟ ਬੱਸ ਆਪਰੇਟਰਾਂ ਨੇ ਵੱਡਾ ਮੁਨਾਫਾ ਕਮਾਇਆ।

ਯਾਤਰੀਆਂ ਨੂੰ ਹਰਿਆਣਾ ਅਤੇ ਹਿਮਾਚਲ ਰੋਡਵੇਜ਼ ਦੀਆਂ ਬੱਸਾਂ ‘ਤੇ ਨਿਰਭਰ ਕਰਨਾ ਪਿਆ, ਪਰ ਬੱਸਾਂ ਦੀ ਘੱਟ ਗਿਣਤੀ ਕਾਰਨ ਲੰਮਾ ਇੰਤਜ਼ਾਰ ਕਰਨਾ ਪਿਆ। ਯੂਨੀਅਨ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਹੜਤਾਲ ਜਾਰੀ ਰਹੇਗੀ। ਯੂਨੀਅਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਮੰਗਾਂ ‘ਤੇ ਕਾਰਵਾਈ ਨਾ ਹੋਈ ਤਾਂ 10 ਜੁਲਾਈ ਨੂੰ ਚੰਡੀਗੜ੍ਹ ਵਿੱਚ ਰੋਸ ਰੈਲੀ ਅਤੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ।

ਯੂਨੀਅਨ ਦੀਆਂ ਮੁੱਖ ਮੰਗਾਂ ਵਿੱਚ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ, ਤਨਖਾਹ ਵਧਾਉਣਾ ਅਤੇ ਬਰਖਾਸਤ ਮੁਲਾਜ਼ਮਾਂ ਨੂੰ ਬਹਾਲ ਕਰਨਾ ਸ਼ਾਮਲ ਹੈ। ਆਗੂਆਂ ਨੇ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਇਨ੍ਹਾਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ, ਜਿਸ ਕਾਰਨ ਸੰਘਰਸ਼ ਦਾ ਰਾਹ ਅਪਣਾਉਣਾ ਪਿਆ। ਇਸ ਹੜਤਾਲ ਨੇ ਆਮ ਲੋਕਾਂ ਦੀ ਮੁਸੀਬਤ ਵਧਾ ਦਿੱਤੀ ਹੈ, ਪਰ ਯੂਨੀਅਨ ਨੇ ਸਰਕਾਰ ‘ਤੇ ਦਬਾਅ ਬਣਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।