‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੱਖ ਕੌਮ ਦੇ ਤੀਜੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਵਿਖੇ ਮਰਿਆਦਾ ਨੂੰ ਢਾਹ ਲਾਉਣ ਵਾਲੀ ਵੱਡੀ ਘਟਨਾ ਵਾਪਰੀ ਹੈ। ਅੱਜ (ਸੋਮਵਾਰ) ਅੰਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਮੌਕੇ ਇੱਕ ਸ਼ਰਾਰਤੀ ਵਿਅਕਤੀ ਵੱਲੋਂ ਦਰਬਾਰ ਦੇ ਅੰਦਰ ਸਿਗਰੇਟ ਦਾ ਧੂੰਆਂ ਛੱਡਿਆ ਗਿਆ। ਬੇਅਦਬੀ ਦੀ ਇਹ ਘਟਨਾ ਤਖ਼ਤ ਸਾਹਿਬ ਦੇ ਗ੍ਰੰਥੀ ਸਾਹਿਬਾਨ, ਸੇਵਾਦਾਰਾਂ ਅਤੇ ਕੀਰਤਨੀਏ ਸਿੰਘਾਂ ਦੀ ਹਾਜ਼ਰੀ ਵਿੱਚ ਵਾਪਰੀ।
ਫਿਲਹਾਲ ਥਾਣਾ ਅਨੰਦਪੁਰ ਸਾਹਿਬ ਦੀ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਪਰਚਾ ਦਰਜ ਕਰ ਲਿਆ ਹੈ। ਐੱਫਆਈਆਰ ਨੰਬਰ 0122 ਮੁਤਾਬਕ ਘਿਨੌਣੀ ਹਰਕਤ ਨੂੰ ਅੰਜ਼ਾਮ ਦੇਣ ਵਾਲੇ ਦਾ ਨਾਂ ਪਰਮਜੀਤ ਸਿੰਘ ਹੈ, ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਮੁਹੱਲਾ ਮਹਾਰਾਜ ਨਗਰ ਦਾ ਰਹਿਣ ਵਾਲਾ ਹੈ।
ਸ਼ਿਕਾਇਤ ਕਰਨ ਵਾਲੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸੇਵਾਦਾਰ ਸਵਰਨ ਸਿੰਘ ਹੈ, ਜੋ ਅਨੰਦਪੁਰ ਸਾਹਿਬ ਦੇ ਪਿੰਡ ਲੋਧੀਪੁਰ ਦੇ ਰਹਿਣ ਵਾਲੇ ਹਨ। 55 ਸਾਲ ਦੇ ਸਵਰਨ ਸਿੰਘ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਮੈਂ ਜਦੋਂ ਅੱਜ ਸਵੇਰੇ ਸੇਵਾਦਾਰ ਵਜੋਂ ਸੇਵਾ ਨਿਭਾ ਰਿਹਾ ਸੀ ਤਾਂ ਸਵੇਰੇ ਸਾਢੇ 4 ਵਜੇ ਦੇ ਕਰੀਬ ਦਰਬਾਰ ਸਾਹਿਬ ਦੇ ਅੰਦਰ ਬੈਠੇ ਰਾਗੀ ਸਿੰਘਾਂ ਦੇ ਪਿੱਛੇ ਖੜ੍ਹੇ ਇੱਕ ਮੋਨੇ ਵਿਅਕਤੀ ਨੇ ਸਿਗਰੇਟ ਦਾ ਧੂੰਆਂ ਗੁਰੂ ਸਾਹਿਬ ਵੱਲ ਮਾਰਿਆ ਅਤੇ ਸਿਗਰੇਟ ਰਾਗੀ ਸਿੰਘਾਂ ਦੇ ਪਿੱਛੇ ਸੁੱਟ ਦਿੱਤੀ। ਮੂੰਹ ਵਿੱਚੋਂ ਫੇਰ ਧੂੰਆਂ ਰਾਗੀ ਸਿੰਘਾਂ ਵੱਲ ਸੁੱਟਿਆ।
ਮੌਕੇ ‘ਤੇ ਮੌਜੂਦ ਸੰਗਤ ਨੇ ਤੁਰੰਤ ਉਸ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਮੈਨੇਜਰ ਸਾਹਿਬ ਦੇ ਦਫ਼ਤਰ ਪੇਸ਼ ਕਰ ਦਿੱਤਾ। ਸੇਵਾਦਾਰ ਨੇ ਬਿਆਨ ਦਿੱਤਾ ਹੈ ਕਿ ਦੋਸ਼ੀ ਪਰਮਜੀਤ ਸਿੰਘ ਨੇ ਸਾਰਾ ਕੁੱਝ ਜਾਣ-ਬੁੱਝ ਕੇ ਸੋਚੀ-ਸਮਝੀ ਸਾਜਿਸ਼ ਦੇ ਤਹਿਤ ਕੀਤਾ ਹੈ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਗੁਰੂ ਘਰ ਦੀ ਬੇਅਦਬੀ ਕਰਨ ਵਾਲੇ ਦੇ ਖ਼ਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸਾਡੀ ਜਾਣਕਾਰੀ ਮੁਤਾਬਕ ਦੋਸ਼ੀ ਵਿਅਕਤੀ ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼ ਹੋਣ ਤੋਂ ਤਿੰਨ ਘੰਟੇ ਪਹਿਲਾਂ ਦਾ ਹੀ ਅੰਦਰ ਮੌਜੂਦ ਸੀ। ਸਵਾਲ ਉੱਠਦਾ ਹੈ ਕਿ ਗੁਰੂ ਘਰ ਦੀ ਸੇਵਾ ਵਿੱਚ ਤੈਨਾਤ ਕੀਤੇ ਸੇਵਾਦਾਰਾਂ ਨੇ ਇਸ ਸ਼ੱਕੀ ਵਿਅਕਤੀ ਦੀਆਂ ਹਰਕਤਾਂ ਨੂੰ ਨੋਟਿਸ ਕਿਉਂ ਨਹੀਂ ਕੀਤਾ। ਬੇ-ਹੁਰਮਤੀ ਦੀ ਇਸ ਵੱਡੀ ਘਟਨਾ ਦੇ ਖਿਲਾਫ ਕੀ ਪੁਲਿਸ ਵੀ ਕੋਈ ਕਾਰਵਾਈ ਕਰੇਗੀ ਜਾਂ ਫਿਰ ਦੋਸ਼ੀ ਵਿਅਕਤੀ ਨੂੰ ਮਾਨਸਿਕ ਤੌਰ ’ਤੇ ਬਿਮਾਰ ਕਹਿ ਕੇ ਇਸ ਮਸਲੇ ਨੂੰ ਵੀ ਫਾਇਲਾਂ ਵਿੱਚ ਦੱਬ ਦਿੱਤਾ ਜਾਵੇਗਾ। ਤੇ ਖ਼ਬਰ ਇਹ ਵੀ ਮਿਲੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਘਟਨਾ ਨੂੰ ਅੰਦਰੇ-ਅੰਦਰ ਦੱਬਣ ਦੀ ਕੋਸ਼ਿਸ਼ ਵਿੱਚ ਹੈ ਕਿਉਂਕਿ ਸਿੱਧੇ ਤੌਰ ‘ਤੇ ਇਸ ਘਟਨਾ ਲਈ ਤਖ਼ਤ ਸਾਹਿਬ ਦੇ ਮੈਨੇਜਰ ਅਤੇ ਮੁੱਖ ਗ੍ਰੰਥੀ ਜ਼ਿੰਮੇਵਾਰ ਹਨ। ਐੱਫਆਈਆਰ ਦੀ ਕਾਪੀ ਤੁਸੀਂ ਇੱਥੇ ਪੜ੍ਹ ਸਕਦੇ ਹੋ :