International

ਕਰਾਚੀ ਏਅਰਪੋਰਟ ਨੇੜੇ ਵੱਡਾ ਧਮਾਕਾ, 2 ਦੀ ਮੌਤ, 10 ਜ਼ਖਮੀ

ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਦੇ ਬਾਹਰ ਇਕ ਵੱਡਾ ਧਮਾਕਾ ਹੋਇਆ, ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਅੱਠ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਨੇ ਇਹ ਧਮਾਕਾ ਕੀਤਾ, ਜਿਸ ‘ਚ ਜਾਨ ਗਵਾਉਣ ਵਾਲੇ ਦੋਵੇਂ ਚੀਨੀ ਨਾਗਰਿਕ ਹਨ। ਜ਼ਖਮੀਆਂ ਵਿਚ ਕਈ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ।

ਧਮਾਕੇ ਕਾਰਨ ਕਈ ਕਾਰਾਂ ਨੂੰ ਵੀ ਅੱਗ ਲੱਗ ਗਈ। ਪੁਲਿਸ ਬੰਬ ਧਮਾਕੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਕਰਾਚੀ ਦੇ ਉੱਤਰੀ ਨਾਜ਼ਿਮਾਬਾਦ, ਚੰਦਰੀਗਰ ਰੋਡ ਅਤੇ ਕਰੀਮਾਬਾਦ ਅਤੇ ਹੋਰ ਇਲਾਕਿਆਂ ‘ਚ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ।

ਸਿੰਧ ਦੇ ਗ੍ਰਹਿ ਮੰਤਰੀ ਜ਼ਿਆਉਲ ਹਸਨ ਲਾਂਜਰ ਦਾ ਕਹਿਣਾ ਹੈ ਕਿ ਧਮਾਕਾ ਆਈਈਡੀ ਕਾਰਨ ਹੋਇਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੇ ਦਫਤਰ ਨੇ ਕਿਹਾ ਸੀ ਕਿ ਏਅਰਪੋਰਟ ਰੋਡ ‘ਤੇ ਇਕ ਟੈਂਕਰ ‘ਚ ਧਮਾਕਾ ਹੋਇਆ ਸੀ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਅਜੇ ਕੁਝ ਸਪੱਸ਼ਟ ਨਹੀਂ ਹੋਇਆ ਹੈ।

ਪਾਕਿਸਤਾਨ ਦੇ ਗ੍ਰਹਿ ਮੰਤਰੀ ਜ਼ਿਆ ਉਲ ਹਸਨ ਨੇ ਕਿਹਾ ਕਿ ਇਹ ਹਮਲਾ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਹਮਲੇ ‘ਚ ਚੀਨੀ ਨਾਗਰਿਕ ਜ਼ਖਮੀ ਹੋ ਗਏ ਕਿਉਂਕਿ ਉਹ ਉੱਥੇ ਇਕ ਪ੍ਰੋਜੈਕਟ ‘ਤੇ ਕੰਮ ਕਰ ਰਹੇ ਸਨ।

ਧਮਾਕੇ ਵਾਲਾ ਖੇਤਰ ਆਮ ਤੌਰ ‘ਤੇ ਵੀਆਈਪੀ ਪ੍ਰੋਟੋਕੋਲ ਵਾਹਨਾਂ ਲਈ ਵਰਤਿਆ ਜਾਂਦਾ ਹੈ। ਇਹ ਧਮਾਕਾ ਹਵਾਈ ਅੱਡੇ ਤੋਂ ਬਾਹਰ ਜਾਣ ਵਾਲੀ ਸੜਕ ‘ਤੇ ਹੋਇਆ। ਫਿਲਹਾਲ ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ।