India Punjab

ਮੱਤੇਵਾੜਾ ਦੇ ਜੰਗਲ ‘ਤੇ ਛਾਇਆ ਵੱਡਾ ਸੰਕਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਵਿਦਿਆਰਥੀ ਜਥੇਬੰਦੀ ‘ਸੱਥ’ ਨੇ 4 ਜੁਲਾਈ ਨੂੰ ਦੁਪਹਿਰ 12 ਵਜੇ ਮੱਤੇਵਾੜਾ ਜੰਗਲ ਵਿੱਚ ਬਣੇ ਬੋਟੈਨੀਕਲ, ਬਟਰਫਲਾਈ ਪਾਰਕ ਵਿੱਚ ਮੱਤੇਵਾੜਾ ਜੰਗਲ ਅਤੇ ਸਤਲੁਜ ਦਰਿਆ ਨੂੰ ਬਚਾਉਣ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ। ਮੱਤੇਵਾੜਾ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਲੁਧਿਆਣਾ ਜ਼ਿਲ੍ਹੇ ਵਿੱਚ ਪੰਜਾਬ ਦੀ 1 ਹਜ਼ਾਰ ਏਕੜ ਦੇ ਕਰੀਬ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਲਈ ਦੱਬ ਲਈ ਹੈ। ਇਹ ਜ਼ਮੀਨ ਮੱਤੇਵਾੜਾ ਜੰਗਲ ਅਤੇ ਸਤਲੁਜ ਦਰਿਆ ਦੇ ਕੰਢੇ ‘ਤੇ ਹੈ। ਮਜ਼੍ਹਬੀ ਸਿੱਖਾਂ ਦੀ ਇਸ ਜ਼ਮੀਨ ‘ਤੇ ਪੰਜਾਬ ਸਰਕਾਰ ਨੇ ਪੁਲਿਸ ਦੀ ਧਾੜ ਭੇਜ ਕੇ ਕਬਜ਼ਾ ਕਰਵਾ ਲਿਆ ਹੈ ਅਤੇ ਕਿਸਾਨਾਂ ਦੀ ਖੜ੍ਹੀ ਫਸਲ ਵਾਹ ਦਿੱਤੀ ਹੈ।

ਪੰਜਾਬ ਸਰਕਾਰ ਹੁਣ ਇਸ ਜ਼ਮੀਨ ਨੂੰ ਵੱਡੀਆਂ ਫੈਕਟਰੀਆਂ ਦੇ ਮਾਲਕਾਂ ਨੂੰ ਵੇਚਣ ਜਾ ਰਹੀ ਹੈ। ਇੱਥੇ ਕੱਪੜਾ ਰੰਗਣ ਵਾਲੀਆਂ ਫੈਕਟਰੀਆਂ ਅਤੇ ਹੋਰ ਭਾਰੀ ਫੈਕਟਰੀਆਂ ਲੱਗਣ ਦੀ ਗੱਲ ਸਾਹਮਣੇ ਆਈ ਹੈ। ਜੇ ਇਹ ਫੈਕਟਰੀਆਂ ਇੱਥੇ ਲੱਗਣਗੀਆਂ ਤਾਂ ਮਾਲਵੇ ਦਾ ਬਚਿਆ ਇੱਕ ਜੰਗਲ ਮੱਤੇਵਾੜਾ ਵੀ ਤਬਾਹ ਹੋ ਜਾਵੇਗਾ ਅਤੇ ਸਤਲੁਜ ਦਰਿਆ ਵੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਕੇ ਖਤਮ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿੱਚੋਂ ਜੰਗਲ ਅਤੇ ਦਰਿਆ ਖਤਮ ਹੋ ਗਏ ਤਾਂ ਪੰਜਾਬ ਵੀ ਨਹੀਂ ਬਚੇਗਾ। ਪਹਿਲਾਂ ਹੀ ਪੰਜਾਬ ਦਾ ਪੌਣ-ਪਾਣੀ ਹਰੀ ਕ੍ਰਾਂਤੀ ਨੇ ਜ਼ਹਿਰੀਲੇ ਤੱਤਾਂ ਨਾਲ ਗੰਧਲਾ ਕਰ ਦਿੱਤਾ ਹੈ। ਵਿਕਾਸ ਦੇ ਨਾਂ ‘ਤੇ ਲੱਗੀਆਂ ਫੈਕਟਰੀਆਂ ਨੇ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਬਣਾ ਦਿੱਤਾ ਹੈ। ਇਹ ਮਸਲਾ ਸਿਰਫ ਮੱਤੇਵਾੜਾ ਜੰਗਲ ਵਿੱਚ ਵੱਸਦੇ ਜੰਗਲੀ ਜੀਵਾਂ ਨੂੰ ਬਚਾਉਣ ਅਤੇ ਸਤਲੁਜ ਦੀਆਂ ਮੱਛੀਆਂ ਨੂੰ ਬਚਾਉਣ ਦਾ ਨਹੀਂ, ਇਹ ਮਸਲਾ ਪੰਜਾਬ ਨੂੰ ਬਚਾਉਣ ਅਤੇ ਪੰਜਾਬੀਆਂ ਦੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਬਚਾਉਣ ਦਾ ਹੈ।